July 2, 2024 6:39 pm
ਪੰਜਾਬੀ ਯੂਨੀਵਰਸਿਟੀ

ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਸਰੇ ਦਿਨ ਪਈ ਗਿੱਧੇ ਦੀ ਧਮਾਲ

ਚੰਡੀਗੜ੍ਹ, 14 ਨਵੰਬਰ 2021 : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਹੜੇ ਵਿਚ ਚੱਲ ਰਿਹਾ ਅੰਤਰ-ਖੇਤਰੀ ਯੁਵਕ ਮੇਲਾ ਦੂਸਰੇ ਦਿਨ ਗਿੱਧੇ ਦੀ ਧਮਾਲ ਨਾਲ ਆਰੰਭ ਹੋਇਆ। ਦੂਸਰੇ ਦਿਨ ਮੇਲੇ ਵਿਚ ਵੱਖ-ਵੱਖ ਮੁਕਾਬਲੇ ਹੋਏ ਜਿਸ ਵਿਚ ਗੁਰੂ ਤੇਗ ਬਹਾਦਾਰ ਹਾਲ ਵਿਖੇ ਗਿੱਧਾ, ਪਹਿਰਾਵਾ ਪ੍ਰਦਰਸ਼ਨੀ ਰਵਾਇਤੀ, ਰਵਾਇਤੀ ਲੋਕ-ਗੀਤ, ਕਲਾ ਭਵਨ ਵਿਖੇ ਪੱਛਮੀ ਸੋਲੋ ਗਾਇਨ, ਪੱਛਮੀ ਸਾਜ਼ ਸੋਲੋ, ਪੱਛਮੀ ਸਮੂਹ ਗਾਇਨ, ਸੰਨੀ ਓਬਰਾਏ ਆਰਟਸ ਆਡੀਟੋਰੀਅਮ ਵਿਖੇ ਵਾਦ ਵਿਵਾਦ, ਭਾਸ਼ਨ ਕਲਾ, ਕਾਵਿ ਉਚਾਰਣ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ `ਤੇ ਆਧਾਰਿਤ ਲਘੂ ਫਿ਼ਲਮ, ਟੀ-ਪੁਆਇੰਟ ਦੇ ਪਿੱਛੇ ਵਾਲਾ ਗਰਾਉਂਡ ਵਿਖੇ ਭੰਡ, ਨੁੱਕੜ ਨਾਟਕ ਅਤੇ ਵਿਦਿਆਰਥੀ ਭਵਨ ਵਿਖੇ ਕਢਾਈ, ਪੱਖੀ ਬੁਣਨਾ, ਨਾਲਾ ਬੁਣਨਾ, ਕਰੋਸ਼ੀਏ ਦੀ ਬੁਣਤੀ, ਪਰਾਂਦਾ ਬੁਣਾਈ, ਗੁੱਡੀਆਂ ਪਟੋ੍ਹਲੇ ਬਣਾਉਣਾ, ਰੱਸਾ ਵਟਾਈ, ਛਿੱਕੂ ਬਣਾਈ, ਟੋਕਰੀ ਬਣਾਈ, ਇਨੂੰ ਬਣਾਉਣਾ, ਖਿਦੋ ਬਣਾਉਣੀ, ਪੀੜ੍ਹੀ ਦੀ ਬੁਣਾਈ, ਮਿੱਟੀ ਦੇ ਖਿਡੌਣੇ ਬਣਾਉਣਾ ਦੇ ਮੁਕਾਬਲੇ ਹੋਏ। ਦੂਸਰੇ ਦਿਨ ਦੇ ਇਸ ਮੇਲੇ ਵਿਚ ਵਿਸ਼ੇਸ਼ ਤੌਰ `ਤੇ ਡਾ. ਯੋਗਰਾਜ, ਉਪ ਪ੍ਰਧਾਨ, ਪੰਜਾਬ ਕਲਾ ਪ੍ਰੀਸ਼ਦ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਉੱਦਮ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਵਿਦਿਆਰਥੀਆਂ ਦਾ ਪਿਛਲੇ ਵਰ੍ਹੇ ਕਰੋਨਾ ਮਹਾਂਮਾਰੀ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਸੀ।

ਹੁਣ ਯੂਨੀਵਰਸਿਟੀ ਨੇ ਪਹਿਲਤਾ ਕਰਦੇ ਹੋਏ ਇਸ ਨੁਕਸਾਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੇਲੇ ਦੀ ਅਗਵਾਈ ਕਰਦਿਆਂ ਡਾ. ਗੁਰਸੇਵਕ ਲੰਬੀ, ਇੰਚਾਰਜ, ਯੁਵਕ ਭਲਾਈ ਵਿਭਾਗ ਨੇ ਦੱਸਿਆ ਕਿ ਦੂਸਰਾ ਦਿਨ ਵਧੇਰੇ ਤੌਰ `ਤੇ ਲੋਕ ਕਲਾਵਾਂ ਦਾ ਦਿਨ ਹੈ ਜਿਸ ਵਿਚ ਪ੍ਰਦਰਸ਼ਨੀ ਲੋਕ ਕਲਾਵਾਂ ਤੋਂ ਇਲਾਵਾ ਰਿਵਾਇਤੀ ਪਹਿਰਾਵਾ ਵਿਚ ਵੀ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਮੰਚ ਹਮੇਸ਼ਾਂ ਹੀ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ। ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਵਿਚ ਵੱਖ-ਵੱਖ ਕਾਲਜਾਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਜਿਸ ਤਹਿਤ ਗਿੱਧੇ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਪਹਿਲਾ ਸਥਾਨ, ਐਸ.ਡੀ. ਕਾਲਜ, ਬਰਨਾਲਾ ਦੂਜਾ ਸਥਾਨ, ਖਾਲਸਾ ਕਾਲਜ, ਪਟਿਆਲਾ ਤੀਜਾ ਸਥਾਨ, ਰਵਾਇਤੀ ਲੋਕ-ਗੀਤ ਵਿਚ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ, ਸੁਨਾਮ ਪਹਿਲਾ ਸਥਾਨ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਦੂਜਾ ਸਥਾਨ, ਖਾਲਸਾ ਕਾਲਜ, ਪਟਿਆਲਾ ਤੀਜਾ ਸਥਾਨ, ਪਹਿਰਾਵਾ ਪ੍ਰਦਰਸ਼ਨੀ ਰਵਾਇਤੀ ਖਾਲਸਾ ਕਾਲਜ, ਪਟਿਆਲਾ ਪਹਿਲਾ ਸਥਾਨ, ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੂਜਾ ਸਥਾਨ, ਅਕਾਲ ਡਿਗਰੀ ਕਾਲਜ, ਮਸਤੁਆਣਾ ਸਾਹਿਬ ਤੀਜਾ ਸਥਾਨ, ਭੰਡ ਦੀ ਆਈਟਮ ਵਿਚ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਪਹਿਲਾ ਸਥਾਨ, ਯੂਨੀਵਰਸਿਟੀ ਕਾਲਜ, ਮੂਣਕ ਦੂਜਾ ਸਥਾਨ, ਖਾਲਸਾ ਕਾਲਜ, ਪਟਿਆਲਾ ਤੀਜਾ ਸਥਾਨ ਹਾਸਿਲ ਕਰਨ ਵਿਚ ਕਾਮਯਾਬ ਰਹੇ।