ਚੰਡੀਗੜ੍ਹ, 25 ਜੁਲਾਈ 2024: ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ (Sri Akal Takht Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬੰਦ ਲਿਫ਼ਾਫ਼ਾ ਮੁਆਫ਼ੀਨਾਮਾ ਜਨਤਕ ਕਰਨ ਦੀ ਬੇਨਤੀ ਕੀਤੀ ਹੈ |
ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁਆਫ਼ੀਨਾਮਾ ਜਨਤਕ ਕਰਨ ਪਿੱਛੇ ਮੰਗ ਅਤੇ ਵੱਡਾ ਕਾਰਨ ਵੀ ਹੈ | ਉਨ੍ਹਾਂ ਕਿਹਾ ਕਿ ਜਿਹੜਾ ਮੁਆਫ਼ੀਨਾਮਾ ਡੇਰਾ ਮੁਖੀ ਸਿਰਸਾ ਗੁਰਮੀਤ ਸਿੰਘ ਰਾਮ ਰਹੀਮ ਵੱਲੋਂ ਆਇਆ ਜਾਂ ਖੁਦ ਲਿਖਿਆ ਗਿਆ ਸੀ ਜਾਂ ਫਿਰ ਉਹ ਬੰਦ ਜਾਂ ਖੁੱਲ੍ਹੇ ਲਿਫ਼ਾਫ਼ੇ ‘ਚ ਆਇਆ ਸੀ ਉਹ ਭੇਦ ਅੱਜ ਤੱਕ ਬਣਿਆ ਹੋਇਆ ਹੈ | ਇਸ ਲਿਫ਼ਾਫ਼ਾ ਕਲਚਰ ਅਤੇ ਬੰਦ ਕਮਰਾ ਬੈਠਕਾਂ ‘ਤੇ ਪੂਰੀ ਤਰ੍ਹਾਂ ਠੱਲ੍ਹ ਪਾਈ ਜਾਵੇ |
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੇ ਉਸ ਮੁਆਫ਼ੀਨਾਮਾ ਨੂੰ ਜਨਤਕ ਨਾ ਕਰਕੇ ਸਿੱਖ ਪੰਥ ‘ਚ ਚਰਚਾ ਹੀ ਨਹੀਂ ਹੋਣ ਦਿੱਤੀ ਗਈ ਅਤੇ ਡੇਰਾ ਮੁਖੀ ਨੂੰ ਸਿੱਧੇ ਤੌਰ ‘ਤੇ ਮੁਆਫ਼ੀ ਦਿੱਤੀ ਗਈ | ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ ਕੋਠੀ ਬੰਦ ਕਮਰਾ ਬੈਠਕਾਂ ਦਾ ਜਿਕਰ ਆਮ ਸੁਣਿਆ ਗਿਆ ਸੀ | ਇਸ ਫੈਸਲੇ ਨਾਲ ਸੰਗਤ ਨੂੰ ਕਾਫ਼ੀ ਦੁੱਖ ਪਹੁੰਚਿਆ ਅਤੇ ਵੱਡੇ ਪੱਧਰ ;ਤੇ ਸੰਗਤਾਂ ਨੇ ਰੋਹ ਪ੍ਰਗਟ ਕੀਤਾ | ਇੱਥੋਂ ਤੱਕ ਕੇ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸੱਦ ਲਿਆ ਤੇ ਪੰਥਕ ਸਫ਼ਾ ‘ਚ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲੋਕਾਂ ‘ਚ ਨਹੀ ਜਾ ਸਕਦੇ ਸਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣ ‘ਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ | ਸੁਖਬੀਰ ਬਾਦਲ ਵੱਲੋਂ ਜੋ ਸ੍ਰੀ ਅਕਾਲ ਤਖ਼ਤ (Sri Akal Takht Sahib) ਦੇ ਜਥੇਦਾਰ ਨੂੰ ਸਪੱਸ਼ਟੀਕਰਨ ਦਿੱਤਾ ਗਿਆ ਹੈਮ ਉਸਨੂੰ ਲੁਕਾ ਕੇ ਨਹੀਂ ਰੱਖਣਾ ਚਾਹੀਦਾ | ਉਨ੍ਹਾਂ ਦੇ ਮੁਆਫ਼ੀਨਾਮੇ ਨੂੰ ਜਨਤਕ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਜਦੋਂ ਸ੍ਰੀ ਅਕਾਲ ਤਖ਼ਤ ‘ਤੇ ਜਾਈਏ ਤਾਂ ਉੱਥੇ ਕੁਝ ਲੂਕਾ ਕੇ ਨਹੀਂ ਰੱਖਣਾ ਚਾਹੀਦਾ | ਉਨ੍ਹਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਨਿਮਰ ਬੇਨਤੀ ਕੀਤਾ ਕਿ ਜੋ ਵੀ ਫੈਸਲਾ ਹੋਵੇ, ਉਹ ਸਿੱਖ ਪੰਥ ਮੁਤਾਬਕ ਹੋਵੇ ਨਾ ਕਿ ਡੇਰੇ ਮੁਖੀ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ।
ਜਥੇਦਾਰ ਸੁੱਚਾ ਸ਼ਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਜਿਹੜੇ ਪੰਥ ਵਿਰੋਧੀ ਫੈਸਲੇ ਹੋਏ ਹਨ, ਉਸ ਦਾ ਸਿੱਖ ਸੰਗਤ ‘ਚ ਅੱਜ ਵੀ ਵੱਡਾ ਰੋਹ ਹੈ।