Site icon TheUnmute.com

ਰੋਪ-ਵੇਅ ਪ੍ਰਾਜੈਕਟ ਦੋਵਾਂ ਸੂਬਿਆਂ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸੈਲਾਨੀਆਂ ਦੀ ਸਹੂਲਤ ਲਈ ਵੀ ਹੋਵੇਗਾ ਸਹਾਈ: ਅਨਮੋਲ ਗਗਨ ਮਾਨ

Anmol Gagan Mann

ਚੰਡੀਗੜ੍ਹ, 30 ਮਾਰਚ 2023: ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਅਤੇ ਪਠਾਨਕੋਟ-ਡਲਹੌਜ਼ੀ ਖੇਤਰਾਂ ਵਿੱਚ ਸਾਂਝੇ ਤੌਰ ‘ਤੇ ਰੋਪਵੇਅ ਪ੍ਰਾਜੈਕਟ ਵਿਕਸਤ ਕਰਨ ਵਾਸਤੇ ਸਹਿਮਤੀ ਦੇਣ ਲਈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਸ਼ਲਾਘਾ ਕੀਤੀ ਹੈ। ਇਸ ਪ੍ਰਾਜੈਕਟ ਨਾਲ ਦੋਵਾਂ ਸੂਬਿਆਂ ਦੇ ਸਮਾਜਿਕ-ਆਰਥਿਕ ਵਿਕਾਸ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਰੋਪ-ਵੇਅ ਪ੍ਰੋਜੈਕਟ ਸੈਲਾਨੀਆਂ ਲਈ ਖਿੱਚ ਦਾ ਪ੍ਰਮੁੱਖ ਕੇਂਦਰ ਹੋਵੇਗਾ ਅਤੇ ਇਸ ਨਾਲ ਸਥਾਨਕ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਇਹ ਖੇਤਰ ਦੇ ਸਭ ਤੋਂ ਸੁੰਦਰ ਕੁਝ ਸਥਾਨਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ, ਜਿਸ ਨਾਲ ਬਿਨਾਂ ਸ਼ੱਕ ਵੱਡੀ ਗਿਣਤੀ ਸੈਲਾਨੀ ਆਕਰਸ਼ਿਤ ਹੋਣਗੇ। ਇਸ ਪ੍ਰੋਜੈਕਟ ਤੋਂ ਦੋਵਾਂ ਰਾਜਾਂ ਦਰਮਿਆਨ ਸੰਪਰਕ ਵਿੱਚ ਸੁਧਾਰ ਦੀ ਵੀ ਉਮੀਦ ਹੈ, ਜਿਸ ਨਾਲ ਵਪਾਰ ਅਤੇ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ।

ਮੰਤਰੀ ਨੇ ਸੈਰ ਸਪਾਟੇ ਨੂੰ ਹੁਲਾਰਾ ਦੇਣ ਅਤੇ ਖੇਤਰ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਲਈ ਦੋਵਾਂ ਮੁੱਖ ਮੰਤਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਕੀਤੀ ਕਿ ਇਹ ਪ੍ਰਾਜੈਕਟ ਜਲਦ ਹੀ ਮੁਕੰਮਲ ਹੋ ਜਾਵੇਗਾ ਅਤੇ ਦੇਸ਼ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।

ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਰੋਪ-ਵੇਅ ਪ੍ਰੋਜੈਕਟ ਵਿਕਸਤ ਕਰਨ ਦਾ ਸਾਂਝਾ ਉਪਰਾਲਾ ਇਸ ਖੇਤਰ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਦੋਵਾਂ ਸੂਬਿਆਂ ਦੀ ਆਰਥਿਕਤਾ ‘ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਉਮੀਦ ਹੈ।

Exit mobile version