ਸ੍ਰੀ ਮੁਕਤਸਰ ਸਾਹਿਬ 05 ਸਤੰਬਰ 2022: ਪੰਜਾਬ ਭਰ ਵਿੱਚ ਸਕੂਲ ਵੈਨਾ (School Vans) ‘ਤੇ ਲੱਗੇ ਟੈਕਸ ਨੂੰ ਘਟਾਉਣ ਅਤੇ ਵੈਨ ਚਾਲਕਾਂ ਨੂੰ ਹੋਰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਮਕਸਦ ਨਾਲ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਖੇ ਅੱਜ ਕਰੀਬ 7 ਜ਼ਿਲ੍ਹਿਆਂ ਦੇ ਵੈਨ ਚਾਲਕਾਂ ਨੇ ਇਕ ਵਿਸ਼ਾਲ ਰੈਲੀ ਕੀਤੀ |
ਇਸ ਰੈਲੀ ਦੀ ਅਗਵਾਈ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਵੈਨ ਚਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਸਕੂਲ ਵੈਨ (School Vans ) ਚਾਲਕਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇਕਮੁੱਠ ਹੋਣ ਲਈ ਕਿਹਾ ।
ਇਸ ਮੌਕੇ ਵੈਨ ਚਾਲਕਾਂ ਅਤੇ ਵੈਨ ਅਪ੍ਰੇਟਰ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਵੈਨ ਚਾਲਕ ਪਹਿਲਾਂ ਹੀ ਕੋਰੋਨਾ ਕਾਲ ਦੌਰਾਨ ਮੰਦੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ।ਹੁਣ ਸਰਕਾਰ ਵੱਲੋਂ ਵੈਨਾਂ ‘ਤੇ ਵਧਾਏ ਟੈਕਸਾਂ ਕਾਰਨ ਉਹ ਟੈਕਸ ਭਰਨ ਤੋਂ ਅਸਮਰੱਥ ਹਨ ਕਿਉਂਕਿ ਬੱਚਿਆਂ ਦੇ ਮਾਪੇ ਵੱਧ ਕਿਰਾਇਆ ਭਰਨ ਨੂੰ ਤਿਆਰ ਨਹੀਂ | ਜਿਸ ਕਾਰਨ ਵੈਨ ਵਾਲਿਆਂ ਨੂੰ ਵੈਨਾ ਚਲਾਉਣੀਆਂ ਮੁਸ਼ਕਲ ਹੋ ਗਈਆਂ ਹਨ।
ਇਨ੍ਹਾਂ ਵੈਨ ਚਾਲਕਾਂ ਨੇ ਕਿਹਾ ਕਿ ਵੈਨਾ ਦੀ ਵੈਲੀਡਿਟੀ ਵਧਾ ਕੇ 20 ਸਾਲ ਕੀਤੀ ਜਾਵੇ ।ਉਨ੍ਹਾਂ ਦੱਸਿਆ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੱਤ ਜ਼ਿਲ੍ਹਿਆਂ ਦੇ ਵੈਨ ਚਾਲਕਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਹੈ ਅਤੇ ਪੰਜਾਬ ਭਰ ਵਿਚ ਚਾਰ ਪੜਾਵਾਂ ਵਿੱਚ ਇਕੱਠ ਕੀਤੇ ਜਾਣਗੇ ਅਤੇ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ