Reserve Bank of India

ਭਾਰਤੀ ਰਿਜ਼ਰਵ ਬੈਂਕ ਕੱਲ੍ਹ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਕਰੇਗਾ ਲਾਂਚ

ਚੰਡੀਗੜ੍ਹ 31 ਅਕਤੂਬਰ 2022: ਭਾਰਤੀ ਰਿਜ਼ਰਵ ਬੈਂਕ (Reserve Bank of India) ਕੱਲ੍ਹ ਯਾਨੀ ਮੰਗਲਵਾਰ (1 ਨਵੰਬਰ, 2022) ਨੂੰ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ (Digital Rupee pilot project) ਲਾਂਚ ਕਰਨ ਜਾ ਰਿਹਾ ਹੈ। ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ ਇੰਡੀਆ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ, ਆਈਡੀਐਫਸੀ ਫਸਟ ਬੈਂਕ ਅਤੇ ਐਚਐਸਬੀਸੀ ਨੂੰ ਇਸ ਪਾਇਲਟ ਪ੍ਰੋਜੈਕਟ ਲਈ ਆਰਬੀਆਈ ਦੁਆਰਾ ਚੁਣਿਆ ਗਿਆ ਹੈ।

ਇਸ ਪਾਇਲਟ ਪ੍ਰੋਜੈਕਟ ਵਿੱਚ ਡਿਜੀਟਲ ਰੁਪਏ ਦੀ ਵਰਤੋਂ ਸਿਰਫ ਸੈਕੰਡਰੀ ਮਾਰਕੀਟ ਵਿੱਚ ਸਰਕਾਰੀ ਪ੍ਰਤੀਭੂਤੀਆਂ ਦੇ ਲੈਣ-ਦੇਣ ਲਈ ਕੀਤੀ ਜਾਵੇਗੀ। ਡਿਜੀਟਲ ਰੁਪਏ ਦੀ ਵਰਤੋਂ ਨਾਲ ਇੰਟਰਬੈਂਕ ਮਾਰਕੀਟ ਵਿੱਚ ਲੈਣ-ਦੇਣ ਨੂੰ ਹੋਰ ਕਿਫਾਇਤੀ ਬਣਾਉਣ ਦੀ ਉਮੀਦ ਹੈ।

ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਡਿਜ਼ੀਟਲ ਰੁਪਏ ਕਾਰਨ ਲੈਣ-ਦੇਣ ਪਹਿਲਾਂ ਨਾਲੋਂ ਕਿਫ਼ਾਇਤੀ ਹੋ ਜਾਵੇਗਾ। ਇਸ ਪਾਇਲਟ ਪ੍ਰੋਜੈਕਟ ਤੋਂ ਸਿੱਖਿਆਂ ਦੇ ਆਧਾਰ ‘ਤੇ, ਭਵਿੱਖ ਦੇ ਪਾਇਲਟ ਪ੍ਰੋਜੈਕਟ ਤਿਆਰ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਫੋਕਸ ਥੋਕ ਅਤੇ ਕ੍ਰਾਸ ਬਾਰਡਰ ਲੈਣ-ਦੇਣ ‘ਤੇ ਹੋਵੇਗਾ।

ਡਿਜੀਟਲ ਕਰੰਸੀ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਵਿੱਤੀ ਸਾਲ ਦੇ ਬਜਟ ਦਾ ਐਲਾਨ ਕਰਦੇ ਹੋਏ ਕੀਤਾ ਸੀ। ਉਨ੍ਹਾਂ ਨੇ ਬਜਟ ਭਾਸ਼ਣ ਦੌਰਾਨ ਕਿਹਾ ਸੀ ਕਿ ਕੇਂਦਰੀ ਬੈਂਕ ਇਸ ਵਿੱਤੀ ਸਾਲ ‘ਚ ਡਿਜੀਟਲ ਕਰੰਸੀ ਜਾਰੀ ਕਰੇਗਾ। ਇਸ ਤੋਂ ਬਾਅਦ ਅਕਤੂਬਰ ਵਿੱਚ ਆਰਬੀਆਈ ਨੇ ਕਿਹਾ ਸੀ ਕਿ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਜਲਦੀ ਹੀ ਲਾਂਚ ਕੀਤਾ ਜਾਵੇਗਾ।

Scroll to Top