ਬਾਬਰ ਆਜ਼ਮ

ਆਸਟਰੇਲੀਆ ਖ਼ਿਲਾਫ਼ ਟੈਸਟ ਮੈਚ ‘ਚ ਬਾਬਰ ਆਜ਼ਮ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ

ਚੰਡੀਗੜ੍ਹ 16 ਮਾਰਚ 2022: ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (Babar Azam) ਨੇ ਕਰਾਚੀ ‘ਚ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਮੈਚ ਦੀ ਚੌਥੀ ਪਾਰੀ ‘ਚ ਆਪਣੇ ਟੈਸਟ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਹਾਲਾਂਕਿ ਉਹ ਆਪਣਾ ਪਹਿਲਾ ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸ ਨੇ 196 ਦੌੜਾਂ ਦੀ ਪਾਰੀ ਖੇਡਦੇ ਹੋਏ ਕਈ ਖਾਸ ਪ੍ਰਾਪਤੀਆਂ ਕੀਤੀਆਂ।

ਆਸਟਰੇਲੀਆ ਦੇ 506 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬਾਬਰ ਨੇ ਪਾਕਿਸਤਾਨ ਟੀਮ ਲਈ ਮੈਰਾਥਨ ਪਾਰੀ ਖੇਡਦੇ ਹੋਏ 425 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ਦੌਰਾਨ ਉਸ ਨੇ 21 ਚੌਕੇ ਅਤੇ ਇਕ ਛੱਕਾ ਲਗਾਇਆ। ਉਹ ਇੱਕ ਟੈਸਟ ਦੀ ਚੌਥੀ ਪਾਰੀ ‘ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਕਪਤਾਨ ਬਣਿਆ। ਇਸ ਮਾਮਲੇ ‘ਚ ਉਨ੍ਹਾਂ ਨੇ ਡੌਨ ਬ੍ਰੈਡਮੈਨ (173*), ਵਿਰਾਟ ਕੋਹਲੀ (156) ਅਤੇ ਰਿਕੀ ਪੋਂਟਿੰਗ (141) ਨੂੰ ਪਿੱਛੇ ਛੱਡ ਦਿੱਤਾ ਹੈ।

ਬਾਬਰ ਆਜ਼ਮ (Babar Azam) ਨੇ ਪੰਜਵੇਂ ਦਿਨ ਬੱਲੇਬਾਜ਼ੀ ਕਰਦੇ ਹੋਏ ਆਪਣਾ ਛੇਵਾਂ ਸੈਂਕੜਾ ਪੂਰਾ ਕੀਤਾ ਅਤੇ ਇਸ ਦੌਰਾਨ ਉਸ ਨੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਯੂਨਿਸ ਖਾਨ (171*) ਨੂੰ ਪਿੱਛੇ ਛੱਡ ਦਿੱਤਾ। ਉਹ ਪਾਕਿਸਤਾਨ ਲਈ ਚੌਥੀ ਪਾਰੀ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਕ੍ਰਿਕਟਰ ਬਣ ਗਿਆ।

ਇਸ ਤੋਂ ਇਲਾਵਾ ਸੱਜੇ ਹੱਥ ਦੇ ਇਸ ਸਟਾਰ ਬੱਲੇਬਾਜ਼ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕੀਤਾ। ਉਹ ਇੱਕ ਟੈਸਟ ਦੀ ਚੌਥੀ ਪਾਰੀ ‘ਚ 400 ਤੋਂ ਵੱਧ ਗੇਂਦਾਂ ਖੇਡਣ ਵਾਲਾ ਪਹਿਲਾ ਪਾਕਿਸਤਾਨੀ ਕ੍ਰਿਕਟਰ ਬਣਿਆ। ਬਾਬਰ ਨੇ ਆਪਣੀ ਰਿਕਾਰਡ-ਤੋੜ ਪਾਰੀ ਦੌਰਾਨ ਪਹਿਲਾਂ ਅਬਦੁੱਲਾ ਸ਼ਫੀਕ ਨਾਲ ਤੀਜੇ ਵਿਕਟ ਲਈ 228 ਦੌੜਾਂ ਅਤੇ ਮੁਹੰਮਦ ਰਿਜ਼ਵਾਨ ਨਾਲ ਪੰਜਵੀਂ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ।

Scroll to Top