Site icon TheUnmute.com

ਕਤਰ ਦੀ ਪੁਲਿਸ ਨੇ ਦੋ ਪਾਵਨ ਸਰੂਪਾਂ ‘ਚੋਂ ਇੱਕ ਸਰੂਪ ਨੂੰ ਸਤਿਕਾਰ ਸਹਿਤ ਕੀਤਾ ਵਾਪਸ

Qatar

ਚੰਡੀਗੜ੍ਹ, 23 ਅਗਸਤ 2024: ਕਤਰ (Qatar) ਦੀ ਰਾਜਧਾਨੀ ਦੋਹਾ ‘ਚ ਪੁਲਿਸ ਨੇ ਆਪਣੇ ਕੋਲ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪਾਂ ‘ਚੋਂ ਇੱਕ ਸਰੂਪ ਨੂੰ ਸਤਿਕਾਰ ਸਹਿਤ ਵਾਪਸ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਿੱਤੀ ਹੈ |

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੱਸਿਆ ਕਿ ਅਸੀਂ ਕਤਰ ਦੇ ਅਧਿਕਾਰੀਆਂ ਦੁਆਰਾ ਆਪਣੇ ਕੋਲ ਰੱਖੇ ਗਏ ਗੁਰੂ ਗ੍ਰੰਥ ਸਾਹਿਬ ਅਤੇ ਇਸ ਦੀ ਰਿਹਾਈ ਲਈ ਸਿੱਖ ਭਾਈਚਾਰੇ ਦੀ ਮੰਗ ਸੰਬੰਧੀ ਰਿਪੋਰਟਾਂ ਨੂੰ ਦੇਖਿਆ ਹੈ। ਸਰਕਾਰ ਨੇ ਪਹਿਲਾਂ ਹੀ ਇਹ ਮਾਮਲਾ ਕਤਰ ਦੇ ਪੱਖ ਨਾਲ ਉਠਾਇਆ ਸੀ ਅਤੇ ਸਾਡੇ ਦੂਤਾਵਾਸ ਨੇ ਦੋਹਾ ‘ਚ ਸਿੱਖ ਭਾਈਚਾਰੇ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ‘ਤੇ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਧਾਰਮਿਕ ਸੰਸਥਾਨ ਚਲਾਉਣ ਦਾ ਦੋਸ਼ ਹੈ।

ਉਨ੍ਹਾਂ ਦੱਸਿਆ ਕਿ ਦੂਤਾਵਾਸ ਨੇ ਸਥਾਨਕ ਕਾਨੂੰਨਾਂ ਦੇ ਦਾਇਰੇ ‘ਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਪਵਿੱਤਰ ਗ੍ਰੰਥ ਦਾ ਇੱਕ ਸਰੂਪ ਕਤਰ ਦੇ ਅਧਿਕਾਰੀਆਂ ਨੇ ਭਰੋਸਾ ਦੇ ਕੇ ਵਾਪਸ ਕਰ ਦਿੱਤਾ ਅਤੇ ਦੂਜਾ ਸਰੂਪ ਸਨਮਾਨ ਨਾਲ ਰੱਖਿਆ ਜਾਵੇਗਾ |

ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇਤਰਾਜ਼ ਤੋਂ ਬਾਅਦ ਭਾਰਤੀ ਦੂਤਾਵਾਸ ਹਰਕਤ ‘ਚ ਆਇਆ ਹੈ | ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਦੋਹਾ, ਕਤਰ (Qatar) ‘ਚ ਭਾਰਤੀ ਰਾਜਦੂਤ ਨੂੰ ਚਿੱਠੀ ਲਿਖੀ ਸੀ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਘਨ੍ਹਈਆ ਹਿਊਮੈਨਟੇਰੀਅਨ ਏਡ ਦੇ ਧਿਆਨ ਵਿੱਚ ਆਇਆ ਹੈ ਕਿ ਦਸੰਬਰ 2023 ਵਿੱਚ ਕਤਰ ਵਿੱਚ ਦੋਹਾ ਪੁਲਿਸ ਵੱਲੋਂ ਇੱਕ ਸਿੱਖ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ‘ਚ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ। ਪਰ ਪੁਲਿਸ ਨੇ ਦੋਵੇਂ ਪਾਵਨ ਸਰੂਪ ਆਪਣੇ ਕੋਲ ਰੱਖ ਲਏ |

Exit mobile version