Site icon TheUnmute.com

ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧਾਂ ‘ਚ ਸ਼ਾਮਲ ਵਿਅਕਤੀਆਂ ਦੇ ਟਿਕਾਣਿਆਂ ‘ਤੇ ਕੀਤੀ ਇੱਕੋ ਸਮੇਂ ਛਾਪੇਮਾਰੀ

Punjab police

ਚੰਡੀਗੜ, 19 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ (Punjab Police) ਨੇ ਸ਼ੁੱਕਰਵਾਰ ਨੂੰ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਦੇ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ।

ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਰਾਜ ਭਰ ਵਿੱਚ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਨੂੰ ਸਿੰਕ੍ਰੋਨਾਈਜ਼ ਢੰਗ ਨਾਲ ਚਲਾਇਆ ਗਿਆ ਸੀ ਅਤੇ ਸਾਰੇ ਸੀਪੀਜ/ਐਸਐਸਪੀਜ ਨੂੰ ਕਿਹਾ ਗਿਆ ਸੀ ਕਿ ਇਨਾਂ ਸ਼ੱਕੀ ਵਿਅਕਤੀਆਂ ਦੇ ਠਿਕਾਣਿਆਂ ਦੀ ਜਾਂਚ ਲਈ ਸਬ-ਇੰਸਪੈਕਟਰ (ਐਸ.ਆਈ) ਰੈਂਕ ਦੇ ਅਧਿਕਾਰੀਆਂ ਅਧੀਨ ਘੱਟੋ-ਘੱਟ ਇੱਕ ਪੁਲਿਸ ਪਾਰਟੀ ਪ੍ਰਤੀ ਥਾਣੇ ਲਈ ਤਾਇਨਾਤ ਕੀਤੀ ਜਾਵੇ।

ਉਨਾਂ ਕਿਹਾ ਕਿ 3000 ਤੋਂ ਵੱਧ ਪੁਲਿਸ ਮੁਲਾਜਮਾਂ ਦੀ ਸ਼ਮੂਲੀਅਤ ਵਾਲੀਆਂ 450 ਪੁਲਿਸ ਪਾਰਟੀਆਂ ਨੇ ਘੱਟੋ-ਘੱਟ 4171 ਅਜਿਹੇ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਜੋ ਅਪਰਾਧਿਕ ਪਿਛੋਕੜ ਨਾਲ ਸਬੰਧਤ ਹਨ।ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਇਸ ਆਪ੍ਰੇਸਨ ਨੂੰ ਅੰਜਾਮ ਦੇਣ ਦਾ ਮਕਸਦ ਅਜਿਹੇ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਤੋਂ ਇਲਾਵਾ ਇਹ ਯਕੀਨੀ ਬਣਾਉਣਾ ਵੀ ਸੀ ਕਿ ਰਾਹ ਤੋਂ ਭਟਕੇ ਅਜਿਹੇ ਵਿਅਕਤੀਆਂ ਨੂੰ ਮੁੱਖ ਧਾਰਾ ਦੀ ਜੀਵਨ ਸ਼ੈਲੀ ਵਿੱਚ ਵਾਪਸ ਪਰਤੇ ਹਨ ਜਾ ਨਹੀਂ।

ਉਨਾਂ ਕਿਹਾ ਕਿ ਪੁਲਿਸ ਟੀਮਾਂ (Punjab Police) ਨੇ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਬੈਂਕਾਂ ਸਬੰਧੀ ਲੈਣ-ਦੇਣ, ਵੈਸਟਰਨ ਯੂਨੀਅਨ ਅਤੇ ਜਾਇਦਾਦ ਦੇ ਵੇਰਵੇ ਵੀ ਚੈੱਕ ਕੀਤੇ । ਉਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਮੌਕੇ ਤੇ ਖੜੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਅਤੇ ਵਾਹਨ ਮੋਬਾਈਲ ਐਪ ਰਾਹੀਂ ਉਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੀ ਵੀ ਪੁਸਟੀ ਕੀਤੀ ।
ਜ਼ਿਕਰਯੋਗ ਹੈ ਕਿ ਅਜਿਹੀਆਂ ਕਵਾਇਦਾਂ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਸਮਾਜ ਵਿਰੋਧੀ ਤੱਤਾਂ ਪੁਲਿਸ ਦਾ ਡਰ ਪੈਦਾ ਕਰਨ ਵਿੱਚ ਮਦਦ ਕਰਦੇ ਹਨ।

Exit mobile version