Site icon TheUnmute.com

ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਖ਼ਰੀਦੀ ਤਰਪਾਲ ਦੀ ‘ਸ਼ੱਕੀ’ ਪ੍ਰਕਿਰਿਆ ‘ਤੇ ਲਾਈ ਰੋਕ, ਜਾਂਚ ਦੇ ਦਿੱਤੇ ਹੁਕਮ

ਤਰਪਾਲ

ਚੰਡੀਗੜ੍ਹ, 12 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੱਕੀ ਟੈਂਡਰਾਂ ਦੇ ਮੱਦੇਨਜ਼ਰ ਅਨਾਜ ਪ੍ਰਬੰਧਨ ਲਈ ਕਰੋੜਾਂ ਰੁਪਏ ਦੀਆਂ ਤਰਪਾਲਾਂ ਖਰੀਦੇ ਜਾਣ ਦੀ ਸ਼ੱਕੀ ਪ੍ਰਕਿਰਿਆ ਰੋਕ ਲਗਾ ਦਿੱਤੀ ਹੈ | ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਕਈ ਮਹੀਨਿਆਂ ਤੋਂ ਖ਼ਰੀਦ ਏਜੰਸੀਆਂ ਵੱਲੋਂ ਤਰਪਾਲਾਂ ਖਰੀਦੇ ਜਾਣ ਦੇ ਟੈਂਡਰਾਂ ਦਾ ਅੰਦਰੋਂ- ਅੰਦਰੀ ਰੌਲਾ ਰੱਪਾ ਪੈ ਰਿਹਾ ਸੀ ਜਿਸ ਕਰ ਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਡਾਇਰੈਕਟਰ ਵੀ ਬਦਲੇ ਜਾ ਚੁੱਕੇ ਹਨ।

ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਤਰਪਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸਾਉਣੀ ਦੇ ਹਾਲ ਹੀ ਵਿੱਚ ਸਮਾਪਤ ਹੋਏ ਮੰਡੀਕਰਨ ਸੀਜ਼ਨ ਦੌਰਾਨ ਤਰਪਾਲਾਂ ਦੀ ਖ਼ਰੀਦ ਲਈ ਕੀਤੇ ਟੈਂਡਰਾਂ ਨੂੰ ਰੱਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਨੂੰ ਤਰਪਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਜੇਕਰ ਜਾਂਚ ਵਿੱਚ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਟੈਂਡਰ ਰੱਦ ਕੀਤਾ ਜਾ ਸਕਦਾ ਹੈ।

ਸੂਤਰਾਂ ਮੁਤਾਬਕ ਸੂਬਾ ਸਰਕਾਰ ਕੋਲ ਸ਼ਿਕਾਇਤ ਪਹੁੰਚੀ ਸੀ। ਜਿਸ ਵਿੱਚ ਕਿਹਾ ਗਿਆ ਕਿ ਮਾਰਕੀਟ ਕਮੇਟੀ ਵੱਲੋਂ ਖਰੀਦੀਆਂ ਗਈਆਂ ਤਰਪਾਲਾਂ ਕਥਿਤ ਮਹਿੰਗੀਆਂ ਲਈਆਂ ਜਾ ਰਹੀਆਂ ਹਨ। ਤਰਪਾਲ ਦਾ ਰੇਟ ਲਗਭਗ ਦੁੱਗਣਾ ਹੈ। ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਕਥਿਤ ਚੂਨਾ ਲਗਾਇਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਜਾਂਚ ਕਰਨ ਲਈ ਕਿਹਾ ਹੈ ਕਿ ਤਰਪਾਲਾਂ ਦੇ ਰੇਟ ਅਚਾਨਕ ਕਿਵੇਂ ਵਧ ਗਏ। ਇਸ ਨੂੰ ਪਹਿਲਾਂ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਸੀ ਅਤੇ ਸਰਕਾਰ ਨੂੰ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਹੈ? ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਜੇਕਰ ਇਸ ਵਿੱਚ ਕੋਈ ਬੇਨਿਯਮੀ ਪਾਈ ਜਾਂਦੀ ਹੈ ਤਾਂ ਕਈ ਅਧਿਕਾਰੀਆਂ ਦੇ ਗਾਜ ਡਿੱਗੇਗੀ |

ਜਿਕਰਯੋਗ ਹੈ ਕਿ ਮਾਰਕੀਟ ਕਮੇਟੀ ਪੰਜਾਬ ਦੀਆਂ ਮੰਡੀਆਂ ਦੀ ਦੇਖ-ਰੇਖ ਕਰਦੀ ਹੈ। ਇੱਥੇ ਵਿਕਣ ਲਈ ਆਉਣ ਵਾਲੀ ਫ਼ਸਲ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਮਾਰਕੀਟ ਕਮੇਟੀ ਦੀ ਹੈ। ਖਾਸ ਤੌਰ ‘ਤੇ ਬਰਸਾਤ ਦੇ ਮੌਸਮ ਦੌਰਾਨ ਫਸਲ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਤਰਪਾਲ ਦਿੱਤੀ ਜਾਂਦੀ ਹੈ। ਇਸ ਕੰਮ ਲਈ ਇਹ ਤਰਪਾਲ ਖਰੀਦੀ ਜਾ ਰਹੀ ਸੀ, ਜਿਸ ਦੀ ਸ਼ਿਕਾਇਤ ਤੋਂ ਬਾਅਦ ਇਸ ਵਿੱਚ ਬੇਨਿਯਮੀਆਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

Exit mobile version