June 16, 2024 10:19 am
ਲੰਪੀ ਸਕਿਨ

ਪੰਜਾਬ ਸਰਕਾਰ ਨੇ ‘ਲੰਪੀ ਸਕਿਨ’ ਦੀ ਰੋਕਥਾਮ ਲਈ ਦਵਾਈ ਦੀਆਂ 3.33 ਲੱਖ ਹੋਰ ਖੁਰਾਕਾਂ ਮੰਗਵਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ 12 ਅਗਸਤ 2022: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਠਿਤ ਮੰਤਰੀਆਂ ਦੇ ਸਮੂਹ ਨੇ ਅੱਜ ‘ਲੰਪੀ ਸਕਿਨ’ ਦੀ ਰੋਕਥਾਮ ਲਈ ਗੋਟ ਪੌਕਸ ਦਵਾਈ ਦੀਆਂ 3.33 ਲੱਖ ਹੋਰ ਖੁਰਾਕਾਂ ਮੰਗਵਾਉਣ ਦੇ ਨਿਰਦੇਸ਼ ਦਿੱਤੇ ਹਨ। ਇੱਥੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਦਾਇਤ ਕੀਤੀ ਕਿ ਦੇਸ਼ ਦੀਆਂ ਪ੍ਰਮਾਣਿਤ ਪਸ਼ੂ ਸੰਸਥਾਵਾਂ ਤੋਂ 3 ਲੱਖ 33 ਹਜ਼ਾਰ ਹੋਰ ਖੁਰਾਕਾਂ ਤੁਰੰਤ ਮੰਗਵਾ ਕੇ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਭੇਜੀਆਂ ਜਾਣ। ਤਾਂ ਜੋ ਟੀਕਾਕਰਨ ਮੁਹਿੰਮ ਵਿੱਚ ਰੁਕਾਵਟ ਨਾ ਆਵੇ |

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪਸ਼ੂ ਪਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੋਜ਼ਾਨਾ ਆਧਾਰ ‘ਤੇ ਬਿਮਾਰੀ ਨਾਲ ਸਬੰਧਤ ਚੱਲ ਰਹੇ ਰਾਹਤ ਕਾਰਜਾਂ ਦੀਆਂ ਰਿਪੋਰਟਾਂ ਲੈ ਰਹੇ ਹਨ। ਪਸ਼ੂਆਂ ਦੇ ਟੀਕਾਕਰਨ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਮੰਤਰੀਆਂ ਦੇ ਸਮੂਹ ਨੇ ਹਦਾਇਤ ਕੀਤੀ ਕਿ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਟੀਚਾ ਦੁੱਗਣਾ ਕਰਕੇ 50,000 ਪ੍ਰਤੀ ਦਿਨ ਕੀਤਾ ਜਾਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪਸ਼ੂਆਂ ਦਾ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1 ਲੱਖ 30 ਹਜ਼ਾਰ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।