Site icon TheUnmute.com

ਪੰਜਾਬ ਸਰਕਾਰ ਵਲੋਂ ਪੰਜਾਬ ਯੋਜਨਾ ਬੋਰਡ ਭੰਗ, ਵਿੱਤ ਵਿਭਾਗ ਅਤੇ ਯੋਜਨਾ ਵਿਭਾਗ ਨੇ ਕੀਤੀ ਸੀ ਮੁੱਖ ਮੰਤਰੀ ਨੂੰ ਸਿਫ਼ਾਰਸ਼

Punjab Planning Board

ਚੰਡੀਗੜ੍ਹ 25 ਅਪ੍ਰੈਲ 2022 : ਪੰਜਾਬ ਸਰਕਾਰ ਵਲੋਂ ਅੱਜ ਪੰਜਾਬ ਯੋਜਨਾ ਬੋਰਡ (Punjab Planning Board) ਭੰਗ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਸੂਬਾਈ ਬੋਰਡ ਅਤੇ ਜ਼ਿਲ੍ਹਾ ਯੋਜਨਾ ਬੋਰਡ ਭੰਗ ਹੋਣ ਨਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜੋ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਹਨ,ਉਨ੍ਹਾਂ ਦੀ ਛੁੱਟੀ ਹੋ ਗਈ ਹੈ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਯੋਜਨਾ ਬੋਰਡ (Punjab Planning Board) ਦੇ ਚੇਅਰਮੈਨ ਹਨ। ਸੂਤਰਾਂ ਅਨੁਸਾਰ ਵਿੱਤ ਤੇ ਯੋਜਨਾ ਵਿਭਾਗ ਨੇ ਬੋਰਡ ਭੰਗ ਕਰਨ ਸਬੰਧੀ ਸਿਫ਼ਾਰਸ਼ ਮੁੱਖ ਮੰਤਰੀ ਨੂੰ ਭੇਜੀ ਗਈ ਸੀ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਿਚ ਬਣੇ ਯੋਜਨਾ ਕਮਿਸ਼ਨ ਨੂੰ ਪਿਛਲੀ ਮੋਦੀ ਸਰਕਾਰ ਨੇ ਪਹਿਲਾਂ ਹੀ ਭੰਗ ਕਰ ਦਿੱਤਾ ਸੀ। ਇਸਦੇ ਨਾਲ ਹੀ ਮੋਦੀ ਸਰਕਾਰ ਨੇ ਯੋਜਨਾ ਬੋਰਡ ਦੀ ਥਾਂ ਨੀਤੀ ਆਯੋਗ (ਕਮਿਸ਼ਨ) ਬਣਾਇਆ ਸੀ। ਪਰ ਪੰਜਾਬ ਵਿਚ ਅਜੇ ਵੀ ਯੋਜਨਾ ਬੋਰਡ ਕਾਇਮ ਹੈ।

ਪਹਿਲਾਂ ਯੋਜਨਾ ਬੋਰਡ ਰਾਜ ਦੀ ਸਾਲਾਨਾ ਯੋਜਨਾ ਤਿਆਰ ਕਰਕੇ ਯੋਜਨਾ ਕਮਿਸ਼ਨ ਤੋਂ ਪਾਸ ਕਰਵਾ ਲੈਂਦਾ ਸੀ ਪਰ ਯੋਜਨਾ ਕਮਿਸ਼ਨ ਭੰਗ ਹੋਣ ਤੋਂ ਬਾਅਦ ਰਾਜਾਂ ਵਿਚ ਬਣੇ ਯੋਜਨਾ ਬੋਰਡਾਂ ਨੇ ਯੋਜਨਾਵਾਂ ਬਣਾਉਣ ਅਤੇ ਇਨ੍ਹਾਂ ਨੂੰ ਪਾਸ ਕਰਵਾਉਣ ਦਾ ਕੰਮ ਖ਼ਤਮ ਕਰ ਦਿੱਤਾ। ਇਸ ਦੌਰਾਨ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਯੋਜਨਾ ਬੋਰਡ ਯੋਜਨਾਵਾਂ ਨਹੀਂ ਬਣਾਉਂਦਾ, ਸਗੋਂ ਵਿਭਾਗਾਂ ਦੇ ਟਿਕਾਊ ਟੀਚਿਆਂ ਲਈ ਕੰਮ ਕਰਦਾ ਹੈ ਅਤੇ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਰਸਮਾਂ ਪੂਰੀਆਂ ਕਰਦਾ ਹੈ। ਕੰਢੀ ਖੇਤਰ ਅਤੇ ਸਰਹੱਦੀ ਇਲਾਕੇ ਵਿਚ ਲੱਗਣ ਵਾਲੇ ਪ੍ਰਾਜੈਕਟਾਂ ਦੀ ਨਿਗਰਾਨੀ ਵੀ ਯੋਜਨਾ ਬੋਰਡ ਵੱਲੋਂ ਕੀਤੀ ਜਾਂਦੀ ਹੈ।

ਆਮ ਤੌਰ ’ਤੇ ਜਦੋਂ ਸੱਤਾ ਤਬਦੀਲ ਹੁੰਦੀ ਹੈ ਤਾਂ ਸਿਆਸੀ ਅਹੁਦਿਆਂ ’ਤੇ ਕਾਬਜ਼ ਚੇਅਰਮੈਨ ਅਤੇ ਉਪ ਚੇਅਰਮੈਨ ਅਸਤੀਫ਼ਾ ਦੇ ਦਿੰਦੇ ਹਨ ਪਰ ਯੋਜਨਾ ਬੋਰਡ ’ਚ ਅਜਿਹਾ ਨਹੀਂ ਹੋਇਆ। ਪਿਛਲੀ ਸਰਕਾਰ ਸਮੇਂ ਗਠਿਤ ਕੀਤੇ ਗਏ ਬਹੁਤੇ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨ, ਉਪ ਚੇਅਰਮੈਨ ਤੇ ਮੈਂਬਰ ਅਜੇ ਵੀ ਬਣੇ ਹੋਏ ਹਨ। ਪੰਜਾਬ ਸਰਕਾਰ ਪਹਿਲਾਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਨਗਰ ਸੁਧਾਰ ਟਰਸਟ ਭੰਗ ਕਰ ਚੁੱਕੀ ਹੈ। ਹੁਣ ਮਾਨ ਸਰਕਾਰ ਨੇ ਪੰਜਾਬ ਯੋਜਨਾ ਬੋਰਡ ਨੂੰ ਭੰਗ ਕਰਨ ਦਾ ਫ਼ੈਸਲਾ ਕਰ ਲਿਆ ਹੈ।

Exit mobile version