ਚੰਡੀਗੜ੍ਹ, 19 ਜੂਨ 2023: ਕੈਬਿਨਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਲਈ ਅਸਾਮੀਆਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦਾ ਨੋਟੀਫ਼ਿਕੇਸ਼ਨ ਛੇਤੀ ਹੀ ਜਾਰੀ ਕੀਤਾ ਜਾਵੇਗਾ | ਇਸ ਵਿੱਚ ਸਹਾਇਕ ਪ੍ਰੋਫ਼ੈਸਰਾਂ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਗਈ ਹੈ। ਪਹਿਲਾਂ ਉਮਰ ਸੀਮਾਂ 37 ਸਾਲ ਸੀ |ਖ਼ੂਨ ਦੇ ਰਿਸ਼ਤੇ (ਬਲੱਡ ਰਿਲੇਸ਼ਨ) ਵਿੱਚ ਪਾਵਰ ਆਫ ਅਟਾਰਨੀ ਬਿਲਕੁੱਲ ਮੁਫ਼ਤ ਹੋਵੇਗੀ, ਬਲੱਡ ਰਿਲੇਸ਼ਨ ਤੋਂ ਬਾਹਰ ਹੋਣ ‘ਤੇ 2% ਟੈਕਸ ਲਗਾਇਆ ਜਾਵੇਗਾ।
ਇਸਦੇ ਨਾਲ ਹੀ ਗੁਰਬਾਣੀ ਦੇ ਪ੍ਰਸਾਰਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਵਿੱਚ ਕੀਤੇ ਵੀ ਬਰੋਡਕਾਸਟ ਅਤੇ ਟੈਲੀਕਾਸਟ ਦਾ ਸ਼ਬਦ ਹੀ ਨਹੀਂ ਹੈ |ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਤੇ ਇਕ ਪਰਿਵਾਰ ਦਾ ਕਬਜ਼ਾ ਹੈ, ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਵੇਂ ਪਹਿਲਾਂ ਮਸੰਦਾਂ ਤੋਂ ਗੁਰਦੁਆਰੇ ਛੁਡਵਾਏ ਸੀ ਉਵੇਂ ਹੀ ਅਸੀਂ ਮਾਡਰਨ ਮਸੰਦਾਂ ਤੋਂ ਗੁਰਬਾਣੀ ਛੁੜਵਾਵਾਂਗੇ |
ਸੀਐਮ ਮਾਨ ਨੇ ਹਰਿਆਣਾ ਐਸਜੀਪੀਸੀ ਅਤੇ ਐਸਜੀਪੀਸੀ ਕੇਸ ਦਾ ਵੀ ਹਵਾਲਾ ਦਿੱਤਾ ਕਿ ਇਹ ਰਾਜ ਦਾ ਐਕਟ ਹੈ। ਮੈਂ ਕੋਈ ਸੋਧ ਨਹੀਂ ਕਰ ਰਿਹਾ, ਨਾ ਹੀ ਪ੍ਰਸਾਰਣ ਦਾ ਅਧਿਕਾਰ ਕਿਸੇ ਸਰਕਾਰੀ ਚੈਨਲ ਨੂੰ, ਨਾ ਹੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਰਿਹਾ , ਬਲਕਿ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਭ ਨੂੰ ਦੇ ਰਿਹਾ ਹਾਂ। ਪੀਟੀਸੀ ਕੀ ਪੰਥ ਹੈ?