July 7, 2024 5:13 pm
MLA Kulwant Singh

ਜੁਝਾਰ ਨਗਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਹੱਲ: ਕੁਲਵੰਤ ਸਿੰਘ

ਮੋਹਾਲੀ 14 ਜੁਲਾਈ 2022: ਅੱਜ ਵਿਧਾਇਕ ਕੁਲਵੰਤ ਸਿੰਘ (Kulwant Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੁਝਾਰ ਨਗਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਨਗਰ ਸਮੇਤ ਇਲਾਕੇ ਦੇ ਪਿੰਡਾਂ ‘ਚ ਲੰਬਿਤ ਪਏ ਪ੍ਰਾਜੈਕਟਾਂ ਤੇ ਵਿਕਾਸਮੁਖੀ ਸਕੀਮਾਂ ਨੂੰ ਪੜਾਅ-ਦਰ-ਪੜਾਅ ਲਾਗੂ ਕੀਤਾ ਜਾਵੇਗਾ। ਸੈਕਟਰ -79 ਸਥਿਤ ਆਪ ਦੇ ਦਫਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਲਈ ਪਹੁੰਚੀਆਂ ਮਹਿਲਾ ਮੰਡਲ ਜੁਝਾਰ ਨਗਰ (Mahila Mandal Jujhar Nagar) ਦੀਆਂ ਮਹਿਲਾਵਾਂ ਨੇ ਵਫ਼ਦ ਦੇ ਰੂਪ ਵਿੱਚ ਵਿਧਾਇਕ ਕੁਲਵੰਤ ਸਿੰਘ ਅੱਗੇ ਮੰਗਾਂ ਰੱਖੀਆਂ।

ਉਹਨਾਂ ਨੇ ਬੁਢਾਪਾ ਪੈਨਸ਼ਨ ਵਧਾਉਣ ਬਾਰੇ ,ਔਰਤਾਂ ਨੂੰ 1000 ਰੁਪਏ ਦੇਣ, ਨੀਲੇ ਕਾਰਡ ਬਣਾਉਣ, ਕੂੜਾ ਕਰਕਟ ਦਾ ਨਿਪਟਾਰਾ ਕਰਨ, ਗਲੀਆਂ ਦਾ ਸੁਧਾਰ ਕਰਨ, ਆਂਗਨਵਾੜੀ ਦੇ ਲਈ ਗਰਾਂਟ ਦਿੱਤੇ ਜਾਣ, ਗ਼ਰੀਬ ਜਨਤਾ ਦੇ ਲਈ ਮੁਹੱਲਾ ਕਲੀਨਿਕ ਖੋਲ੍ਹਣ ਅਤੇ ਸਰਕਾਰੀ ਸਕੂਲ ਦਾ ਸੁਧਾਰ ਕਰਨ ਦੀ ਮੰਗ ਰੱਖੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਜਾਣ ਵਾਲੀ ਸੜਕ ਦਾ ਕੰਮ ਵੀ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਨੂੰ ਕਿਹਾ ਕਿਉਂਕਿ ਇਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ।

ਮਹਿਲਾ ਮੰਡਲ ਨੇ ਮੀਟਿੰਗ ਦੌਰਾਨ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਵਿਧਾਇਕ ਕੁਲਵੰਤ ਸਿੰਘ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਜੁਝਾਰ ਨਗਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਤਾਂ ਜੋ ਇਸ ਗੰਦੇ ਵਾਤਾਵਰਣ ਨੂੰ ਸਾਫ਼ ਸੁਥਰਾ ਕਰ ਕੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਤੇ ਹਾਜ਼ਰ ਨਗਰ ਦੀਆਂ ਔਰਤਾਂ ਤੇ ਮਹਿਲਾ ਮੰਡਲ ਦੀਆਂ ਔਰਤ ਮੈਂਬਰਾਂ ਨੇ ਵਿਧਾਇਕ ਕੁਲਵੰਤ ਸਿੰਘ (Kulwant Singh)  ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਤੇ ਆਪ ਨੇਤਾ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਾਬਕਾ ਕੌਂਸਲਰ ਆਰ.ਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਤਰਲੋਚਨ ਸਿੰਘ ਮਟੌਰ, ਕੁਲਦੀਪ ਸਿੰਘ, ਡਾ. ਜਸਪਾਲ ਸਿੰਘ ਮਟੌਰ, ਨਰਿੰਦਰ ਸਿੰਘ, ਗੁਰਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਪ ਨੇਤਾ ਅਤੇ ਸਮਰਥਕ ਵੀ ਹਾਜ਼ਰ ਸਨ।