ਚੰਡੀਗੜ੍ਹ 19 ਮਾਰਚ 2022: ਜਾਪਾਨ (Japan) ਦੇ ਪ੍ਰਧਾਨ ਮੰਤਰੀ ਭਾਰਤ ਦੇ ਦੋ ਦਿਨਾਂ ਦੌਰੇ ਆ ਰਹੇ ਹਨ | ਇਸ ਦੌਰਾਨ ਭਾਰਤ-ਪ੍ਰਸ਼ਾਂਤ ਖੇਤਰ ‘ਚ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਅੱਜ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ | ਮੰਨਿਆ ਜਾ ਰਿਹਾ ਹੈ ਕਿ ਦੋਵੇਂ ਨੇਤਾ ਯੂਕਰੇਨ ਦੇ ਹਾਲਾਤ ‘ਤੇ ਵੀ ਚਰਚਾ ਕਰਨਗੇ। ਨਵੀਂ ਦਿੱਲੀ ਪਹੁੰਚ ਰਹੇ ਜਾਪਾਨ ਦੇ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਇਸ ਦੌਰੇ ਦੌਰਾਨ ਜਾਪਾਨ (Japan) ਦੇ ਪ੍ਰਧਾਨ ਮੰਤਰੀ ਅਗਲੇ ਪੰਜ ਸਾਲਾਂ ਲਈ ਭਾਰਤ ‘ਚ 42 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕਰ ਸਕਦੇ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ 2022 ‘ਚ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਰਾਜ ਦੇ ਮੁਖੀ ਹਨ।ਪ੍ਰਧਾਨ ਮੰਤਰੀ ਕਿਸ਼ਿਦਾ ਭਾਰਤ ਨਾਲ ਸੁਰੱਖਿਆ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਵੀ ਟੀਚਾ ਰੱਖਣਗੇ। ਇਸ ਤੋਂ ਇਲਾਵਾ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਭਾਰਤ ‘ਚ ਜਾਪਾਨੀ ਕੰਪਨੀਆਂ ਦੇ ਵਿਸਤਾਰ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਜਾਪਾਨ ਭਾਰਤ ਦੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਪਣੀ ਬੁਲੇਟ ਟਰੇਨ ਤਕਨੀਕ ‘ਤੇ ਆਧਾਰਿਤ ਹਾਈ-ਸਪੀਡ ਰੇਲਵੇ ਦਾ ਸਮਰਥਨ ਕਰ ਰਿਹਾ ਹੈ। ਦੋਵੇਂ ਨੇਤਾ 14ਵੇਂ ਭਾਰਤ-ਜਾਪਾਨ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨਗੇ।