TheUnmute.com

ਸੋਹਾਣਾ ਦੇ ਟੋਭੇ ਦਾ ਕਰੀਬ 168 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਸੁੰਦਰੀਕਰਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਫਰਵਰੀ 2024: ਸੋਹਾਣਾ (Sohana) ਵਿਖੇ ਕਰੀਬ 3.5 ਏਕੜ ਵਿੱਚ ਬਣੇ ਟੋਭੇ ਅਤੇ ਇਸ ਦੇ ਆਲੇ ਦੁਆਲੇ ਦਾ ਕਰੀਬ 168 ਲੱਖ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਕੀਤੇ ਜਾਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਰਵਾਈ। ਇਸ ਮੌਕੇ ਸੋਹਾਣਾ ਵਾਸੀਆਂ ਨੂੰ ਵਧਾਈ ਦਿੰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਨਾਲ ਸੋਹਾਣਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜਿੱਥੇ ਟੋਭੇ ਦੀ ਸਫਾਈ ਕੀਤੀ ਜਾਣੀ ਹੈ, ਉੱਥੇ ਇਸ ਦੇ ਆਲੇ ਦੁਆਲੇ ਸੈਰ ਕਰਨ ਲਈ ਟਰੈਕ ਬਣਾਇਆ ਜਾਵੇਗਾ ਤੇ ਬੂਟੇ ਲਾਏ ਜਾਣਗੇ। ਇਸ ਟੋਭੇ ਵਿੱਚ ਪੈਂਦਾ ਪਾਣੀ ਵੀ ਟਰੀਟ ਕਰਨ ਉਪਰੰਤ ਹੀ ਇਸ ਵਿੱਚ ਪੈਂਦਾ ਕੀਤਾ ਜਾਵੇਗਾ।

ਹਲਕਾ ਵਿਧਾਇਕ ਨੇ ਦੱਸਿਆ ਕਿ ਟੋਭੇ ਦੀ ਜਿਸ ਜਗ੍ਹਾ ਉੱਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਉਹਨਾਂ ਨੂੰ ਛੁਡਵਾਉਣ ਲਈ ਪ੍ਰਕਿਰਿਆ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਸੋਹਾਣਾ (Sohana) ਵਾਸੀਆਂ ਨੂੰ ਬਿਜਲੀ ਦੀਆਂ ਬੇਤਰਤੀਬੀਆਂ ਤਾਰਾਂ ਕਰਨ ਮੁਸ਼ਕਲਾਂ ਦਰਪੇਸ਼ ਹਨ ਤੇ ਬਹੁਤ ਜਲਦ ਇਹ ਮੁਸ਼ਕਲ ਵੀ ਹੱਲ ਕਰ ਦਿੱਤੀ ਜਾਵੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਜਦੋਂ ਸਰਕਾਰ ਕਿਸੇ ਸਕੀਮ ਨੂੰ ਅਮਲੀ ਜਾਮਾ ਪਹਿਨਾਉਂਦੀ ਹੈ ਤਾਂ ਉਸ ਕੰਮ ਦੀ ਸਾਂਭ -ਸੰਭਾਲ ਦਾ ਜਿੰਮਾ ਲੋਕਾਂ ਨੂੰ ਵੀ ਲੈਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਸਕੀਮ ਸਹੀ ਢੰਗ ਨਾਲ ਨੇਪਰੇ ਨਹੀਂ ਚੜ੍ਹ ਸਕਦੀ।

ਹਲਕਾ ਵਿਧਾਇਕ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਸਰਕਾਰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਲੋਕਾਂ ਦੇ ਘਰਾਂ ਨਜ਼ਦੀਕ ਹੀ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਦੇ ਲਈ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਵਰਗਾ ਲੋਕ-ਪੱਖੀ ਉਪਰਾਲਾ ਕੀਤਾ ਗਿਆ ਹੈ ਤੇ ਇਸ ਤਹਿਤ ਵਿਸ਼ੇਸ਼ ਕੈਂਪ ਲਾ ਕੇ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ।

ਸੂਬਾ ਸਰਕਾਰ ਦੀ ਇਹ ਪਹਿਲਕਦਮੀ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਰੱਚ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਕੈਂਪ ਲਾ ਕੇ ਲੋਕਾਂ ਨੂੰ ਸੇਵਾਵਾਂ ਦਾ ਲਾਭ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਦਰ ਤੱਕ ਪਹੁੰਚ ਕੀਤੀ ਜਾ ਰਹੀ ਹੈ।

ਹਲਕਾ ਵਿਧਾਇਕ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਕੈਂਪਾਂ ਵਿੱਚ ਇਕੋ ਛੱਤ ਥੱਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੇਵਾਵਾਂ ਦਾ ਲਾਭ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੇ ਸਮੇਂ ਤੇ ਊਰਜਾ ਦੀ ਬੱਚਤ ਹੋਣ ਨਾਲ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕਿਰਨ ਸ਼ਰਮਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਡਾ. ਕੁਲਦੀਪ ਸਿੰਘ, ਸੁਸ਼ੀਲ ਕੁਮਾਰ ਅਤਰੀ, ਨਛੱਤਰ ਸਿੰਘ ਬੈਦਵਾਣ, ਹਰਮੇਸ਼ ਸਿੰਘ ਕੁੰਬੜਾ, ਬੰਤ ਸਿੰਘ ਸੋਹਾਣਾ, ਸਵਰਨ ਲਤਾ, ਆਮ ਆਦਮੀ ਪਾਰਟੀ ਦੇ ਨੇਤਾ ਪਰਮਿੰਦਰ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

Exit mobile version