ਚੰਡੀਗੜ੍ਹ, 01 ਨਵੰਬਰ 2023: ਪਾਇਲਟ ਅਤੇ ਚਾਲਕ ਦਲ ਦੇ ਮੈਂਬਰ ਮਾਊਥਵਾਸ਼, ਟੂਥ ਜੈੱਲ ਜਾਂ ਅਲਕੋਹਲ ਵਾਲੀ ਕੋਈ ਵੀ ਚੀਜ਼ ਦੀ ਵਰਤੋਂ ਨਹੀਂ ਕਰ ਸਕਣਗੇ। ਡੀਜੀਸੀਏ (DGCA) ਨੇ ਇਸ ਦੇ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਬ੍ਰੈਥ ਐਨਾਲਾਈਜ਼ਰ ਟੈਸਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਡੀਜੀਸੀਏ ਦਾ ਕਹਿਣਾ ਹੈ ਕਿ ਨਿਯਮਾਂ ‘ਚ ਬਦਲਾਅ ਹਵਾਈ ਜਹਾਜ਼ਾਂ ਦੇ ਸੰਚਾਲਨ ਨੂੰ ਸੁਰੱਖਿਅਤ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਹਵਾਬਾਜ਼ੀ ਉਦਯੋਗ ਤੋਂ ਮਿਲੇ ਸੁਝਾਵਾਂ ਦੇ ਆਧਾਰ ‘ਤੇ 30 ਅਕਤੂਬਰ ਨੂੰ ਨਾਗਰਿਕ ਹਵਾਬਾਜ਼ੀ ਲੋੜਾਂ (ਸੀਏਆਰ) ਦੇ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ।
ਸ਼ਰਾਬ ਦੇ ਸੇਵਨ ਲਈ ਏਅਰਕ੍ਰੂ ਦੇ ਮੈਡੀਕਲ ਟੈਸਟ ਦੀ ਪ੍ਰਕਿਰਿਆ ਨਾਲ ਜੁੜੇ ਕਈ ਨਿਯਮਾਂ ਨੂੰ ਵੀ ਬਦਲਿਆ ਗਿਆ ਹੈ। ਹੁਣ ਕੋਈ ਵੀ ਚਾਲਕ ਦਲ ਦਾ ਮੈਂਬਰ ਅਲਕੋਹਲ ਵਾਲੇ ਉਤਪਾਦਾਂ ਦੀ ਵਰਤੋਂ ਨਹੀਂ ਕਰੇਗਾ। ਇਸ ਦੇ ਲਈ ਉਨ੍ਹਾਂ ਨੂੰ ਫਲਾਈਟ ਤੋਂ ਪਹਿਲਾਂ ਕੰਪਨੀ ਦੇ ਡਾਕਟਰ ਦੀ ਸਲਾਹ ਲੈਣੀ ਹੋਵੇਗੀ।
ਡੀਜੀਸੀਏ (DGCA) ਮੁਤਾਬਕ ਫਿਊਲ ਸੈੱਲ ਟੈਕਨਾਲੋਜੀ ਦੇ ਨਾਲ ਬ੍ਰੇਥ ਐਨਾਲਾਈਜ਼ਰ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਏਜੰਸੀਆਂ ਦੀ ਨਿਗਰਾਨੀ ਅਤੇ ਨਿਰੀਖਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਯਾਤਰੀਆਂ ਦੇ ਤੌਰ ‘ਤੇ ਯਾਤਰਾ ਕਰਨ ਵਾਲੇ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਬੋਰਡਿੰਗ ਹਵਾਈ ਅੱਡੇ ‘ਤੇ ਸਾਹ ਵਿਸ਼ਲੇਸ਼ਕ ਟੈਸਟ ਕਰਵਾਉਣ ਦੀ ਲੋੜ ਹੋਵੇਗੀ
ਭਾਰਤ ਤੋਂ ਬਾਹਰੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਦੇ ਚਾਲਕ ਦਲ ਅਤੇ ਕੈਬਿਨ ਕਰੂ ਦੇ ਇੱਥੇ ਪਹੁੰਚਣ ਤੋਂ ਬਾਅਦ ਸਾਹ ਵਿਸ਼ਲੇਸ਼ਕ ਲਈ ਟੈਸਟ ਕੀਤਾ ਜਾਵੇਗਾ। ਇਸ ‘ਚ ਪਾਜ਼ੇਟਿਵ ਪਾਏ ਜਾਣ ‘ਤੇ ਸਖ਼ਤ ਸਜ਼ਾ ਦੀ ਵਿਵਸਥਾ ਹੈ। ਹਾਲਾਂਕਿ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਵਾਰ-ਵਾਰ ਟੈਸਟ ਵਿੱਚ ਫੇਲ ਹੁੰਦਾ ਹੈ ਜਾਂ ਨਹੀਂ।