July 4, 2024 4:18 pm
Sukesh Chandrasekhar

ਨਾਮੀ ਲੋਕਾਂ ਨਾਲ ਠੱਗੀ ਮਾਰਨ ਦੇ ਕਥਿਤ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਰੱਦ

ਚੰਡੀਗੜ੍ਹ 18 ਅਕਤੂਬਰ 2022: ਦੇਸ਼ ਦੇ ਹਾਈ ਪ੍ਰੋਫਾਈਲ ਲੋਕਾਂ ਨਾਲ ਠੱਗੀ ਮਾਰਨ ਦੇ ਕਥਿਤ ਦੋਸ਼ੀ ਸੁਕੇਸ਼ ਚੰਦਰਸ਼ੇਖਰ (Sukesh Chandrasekhar) ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਦਰਅਸਲ, ਸੁਪਰੀਮ ਕੋਰਟ ਨੇ ਸੁਕੇਸ਼ ਚੰਦਰਸ਼ੇਖਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਸ ਨੇ ਦਿੱਲੀ ਦੀ ਮੰਡੋਲੀ ਜੇਲ੍ਹ ਤੋਂ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ।

ਜਿਕਰਯੋਗ ਹੈ ਕਿ 23 ਅਗਸਤ ਨੂੰ ਸੁਪਰੀਮ ਕੋਰਟ ਨੇ ਠੱਗ ਸੁਕੇਸ਼ ਚੰਦਰਸ਼ੇਖਰ ਅਤੇ ਉਸ ਦੀ ਪਤਨੀ ਲੀਨਾ ਪੌਲੋਜ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਤਬਦੀਲ ਕਰਨ ਦਾ ਹੁਕਮ ਦਿੱਤਾ ਸੀ। ਸੁਕੇਸ਼ ਨੇ ਤਿਹਾੜ ‘ਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਪਰ ਹੁਣ ਇੱਕ ਵਾਰ ਫਿਰ ਸੁਕੇਸ਼ ਮੰਡੋਲੀ ਜੇਲ੍ਹ ਤੋਂ ਕਿਸੇ ਹੋਰ ਜੇਲ੍ਹ ਵਿੱਚ ਜਾਣ ਦੀ ਅਪੀਲ ਕਰ ਰਿਹਾ ਸੀ ਪਰ ਇਸ ਵਾਰ ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ। ਸੀਬੀਆਈ ਨੇ 7 ਅਕਤੂਬਰ ਨੂੰ ਸੁਕੇਸ਼ ਚੰਦਰਸ਼ੇਖਰ ਖ਼ਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਸੀ। ਫਰਜ਼ੀ ਫੋਨ ਨੰਬਰਾਂ ਤੋਂ ਜ਼ਬਰਦਸਤੀ ਵਸੂਲੀ ਦੇ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਕੌਣ ਨੇ ਸੁਕੇਸ਼ ਚੰਦਰਸ਼ੇਖਰ ?

ਸੁਕੇਸ਼ ਚੰਦਰਸ਼ੇਖਰ (Sukesh Chandrasekhar) 200 ਕਰੋੜ ਰੁਪਏ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਅਤੇ ਅਭਿਨੇਤਰੀਆਂ ਨੋਰਾ ਫਤੇਹੀ ਅਤੇ ਜੈਕਲੀਨ ਫਰਨਾਂਡੀਜ਼ ਨਾਲ ਉਸਦੇ ਸਬੰਧਾਂ ਦੇ ਕਾਰਨ ਇੰਟਰਨੈਟ ‘ਤੇ ਇੱਕ ਪ੍ਰਚਲਿਤ ਨਾਮ ਹੈ। ਈਡੀ ਨੇ ਇਸ ਮਾਮਲੇ ਦੇ ਸਿਲਸਿਲੇ ‘ਚ ਦੋਵਾਂ ਬਾਲੀਵੁੱਡ ਹਸਤੀਆਂ ਨੂੰ ਕਈ ਵਾਰ ਤਲਬ ਕੀਤਾ ਹੈ।

ਖਬਰਾਂ ਮੁਤਾਬਕ ਸੁਕੇਸ਼ ਚੰਦਰਸ਼ੇਖਰ ਕਰਨਾਟਕ ਦੇ ਬੈਂਗਲੁਰੂ ਦਾ ਰਹਿਣ ਵਾਲਾ ਹੈ। ਉਸ ਵਿਰੁੱਧ 15 ਐਫਆਈਆਰ ਦਰਜ ਹਨ। ਸੁਕੇਸ਼ ‘ਤੇ ਬੈਂਗਲੁਰੂ ਅਤੇ ਚੇਨਈ ‘ਚ ਲੋਕਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਇੰਨਾ ਹੀ ਨਹੀਂ, ਸੁਕੇਸ਼ ਕਾਰੋਬਾਰੀਆਂ ਨੂੰ ਕਰਜ਼ਾ ਦੇਣ ਦਾ ਵਾਅਦਾ ਕਰਦਾ ਸੀ ਅਤੇ ਕੋਈ ਕਾਨੂੰਨੀ ਮਾਮਲਾ ਨਿਪਟਾਉਣ ਦਾ ਦਾਅਵਾ ਕਰਦਾ ਸੀ। ਪੁਲਿਸ ਨੇ ਉਸਨੂੰ 2019 ਵਿੱਚ ਗ੍ਰਿਫਤਾਰ ਕੀਤਾ ਸੀ।