Site icon TheUnmute.com

ਪੁੱਤ ਦਾ ਆਖ਼ਰੀ ਵਾਰ ਮੂੰਹ ਦੇਖਣ ਨੂੰ ਤਰਸ ਰਹੇ ਹਨ ਮਾਪੇ, ਪੰਜਾਬ ਸਰਕਾਰ ਨੂੰ ਕੀਤੀ ਅਪੀਲ

Amarpreet Amri

ਚੰਡੀਗੜ੍ਹ, 2 ਫਰਵਰੀ 2023: ਪਿੰਡ ਪੱਤੋ ਹੀਰਾ ਸਿੰਘ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦਾ 17 ਜਨਵਰੀ ਨੂੰ ਕੈਨੇਡਾ ਸਰੀ ਵਿਖੇ ਦਿਹਾਂਤ ਹੋ ਗਿਆ, ਅਮਰਪ੍ਰੀਤ ਨੂੰ ਆਪਣੀ ਪਤਨੀ ਨਾਲ ਕੈਨੇਡਾ ਗਏ ਨੂੰ ਅਜੇ ਮਹੀਨਾ ਹੀ ਹੋਇਆ ਸੀ। ਕੈਨੇਡਾ ‘ਚ ਪਈ ਹੈ ਕਬੱਡੀ ਖਿਡਾਰੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਜਾਂ ਲਾਸ਼ ਨੂੰ ਇੱਥੇ ਲਿਆਉਣ ਲਈ ਲਈ ਉਸ ਦੇ ਮਾਤਾ-ਪਿਤਾ ਕੋਲ ਵਿੱਤੀ ਸਾਧਨ ਨਹੀਂ ਹਨ। ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਰਜਿੰਦਰ ਕੌਰ ਨੇ ਹੰਝੂ ਵਹਾਉਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਨਿਵੇਸ਼ ਕੀਤਾ ਸੀ।

ਇਥੋਂ ਤੱਕ ਕੇ ਜ਼ਮੀਨ ਵੀ ਵੇਚਣੀ ਪਈ। ਅਮਰੀ ਦੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਸਰੀ ਉਸ ਕੋਲ ਚਲੀ ਗਈ ਅਤੇ ਅਮਰੀ ਵੀ ਇੱਕ ਮਹੀਨਾ ਪਹਿਲਾਂ ਉੱਥੇ ਪਹੁੰਚ ਗਿਆ ਸੀ। ਉੱਥੇ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹੁਣ ਉਸ ਕੋਲ ਨਾ ਤਾਂ ਕੈਨੇਡਾ ਜਾ ਕੇ ਆਪਣੇ ਪੁੱਤਰ ਦਾ ਚਿਹਰਾ ਆਖਰੀ ਵਾਰ ਦੇਖਣ ਲਈ ਪੈਸੇ ਹਨ ਅਤੇ ਨਾ ਹੀ ਉਹ ਮ੍ਰਿਤਕ ਦੇਹ ਨੂੰ ਪਿੰਡ ਲਿਆ ਸਕਦਾ ਹੈ।ਅਮਰੀ ਦੇ ਮਾਪਿਆਂ ਨੇ ਰੋਂਦਿਆਂ ਦੱਸਿਆ ਕਿ ਪੁੱਤ ਦੀ ਚੜ੍ਹਤ ਵੇਲੇ ਹਰ ਕੋਈ ਉਨ੍ਹਾਂ ਦੇ ਘਰ ਢੁਕਦਾ ਸੀ, ਪਰ ਹੁਣ ਕਿਸੇ ਨੂੰ ਸਾਡਾ ਘਰ ਨਹੀਂ ਦਿਸਦਾ।

ਅਮਰੀ ਦੇ ਮਾਪਿਆਂ ਨੇ ਸਰਪੰਚ ਅਮਰਜੀਤ ਸਿੰਘ, ਸਮਿਤੀ ਮੈਂਬਰ ਕੁਲਦੀਪ ਸਿੰਘ, ਖੇਡ ਲੇਖਕ ਬੱਬੀ ਪੱਤੋ, ਕੁਮੈਂਟੇਟਰ ਰੁਪਿੰਦਰ ਜਲਾਲ ਤੇ ਪਿੰਡ ਦੇ ਪਤਵੰਤਿਆਂ ਨੇ ਪੰਜਾਬ ਸਰਕਾਰ, ਖੇਡ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਤਾਂ ਜੋ ਕੈਨੇਡਾ ਜਾ ਕੇ ਪਰਿਵਾਰ ਪੁੱਤਰ ਦੀ ਦੇਹ ਦੇ ਆਖਰੀ ਦਰਸ਼ਨ ਕਰ ਸਕਣ ।

ਜ਼ਿਕਰਯੋਗ ਹੈ ਕਿ ਅਮਰਪ੍ਰੀਤ ਅਮਰੀ ਨੇ 35 ਕਿਲੋ ਭਾਰ ਕਬੱਡੀ ਤੋਂ ਸ਼ੁਰੂਆਤ ਕੀਤੀ ਅਤੇ ਕਬੱਡੀ ਓਪਨ ਤੱਕ ਪਹੁੰਚਿਆ। ਉਹ ਆਜ਼ਾਦ ਅਕੈਡਮੀ ਘੱਲ ਕਲਾਂ ਲਈ ਵੀ ਖੇਡਿਆ ਅਤੇ ਇੱਕ ਵਾਰ ਖੇਡਣ ਲਈ ਵਿਦੇਸ਼ ਗਿਆ।

Exit mobile version