ਚੰਡੀਗੜ੍ਹ 18 ਜਨਵਰੀ 2022: ਇਸ ਵਾਰ ਪਰੇਡ ਕੋਰੋਨਾ ਪਾਬੰਦੀਆਂ ਦੇ ਨਾਲ 30 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਵੇਗੀ ਅਤੇ ਜੰਮੂ-ਕਸ਼ਮੀਰ ਦੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਗਣਤੰਤਰ ਦਿਵਸ (Republic Day) ‘ਤੇ ਪਰੇਡ (parade) ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਦੇਖਣ ਲਈ ਪੂਰਾ ਦੇਸ਼ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਹਰ ਸਾਲ ਗਣਤੰਤਰ ਦਿਵਸ ਦੀ ਪਰੇਡ ਨਿਰਧਾਰਤ ਸਮੇਂ ‘ਤੇ ਸਵੇਰੇ 10 ਵਜੇ ਸ਼ੁਰੂ ਹੁੰਦੀ ਹੈ ਪਰ ਇਸ ਵਾਰ 75 ਸਾਲਾਂ ‘ਚ ਪਹਿਲੀ ਵਾਰ ਅਜਿਹਾ ਨਹੀਂ ਹੋਵੇਗਾ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਰ ਸਾਲ ਗਣਤੰਤਰ ਦਿਵਸ ਪਰੇਡ ਸਵੇਰੇ 10 ਵਜੇ ਸ਼ੁਰੂ ਹੁੰਦੀ ਸੀ ਪਰ ਇਸ ਸਾਲ ਇਹ ਸਵੇਰੇ 10:30 ਵਜੇ ਸ਼ੁਰੂ ਹੋਵੇਗੀ। ਦੇਰੀ ਦਾ ਕਾਰਨ ਦੱਸਦੇ ਹੋਏ ਅਧਿਕਾਰੀ ਨੇ ਕਿਹਾ ਕਿ ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਜਾਨ ਗਵਾਉਣ ਵਾਲੇ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰੇਡ ਸਮਾਰੋਹ ਪਿਛਲੇ ਸਾਲ ਵਾਂਗ 90 ਮਿੰਟ ਦਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਗੇਟ ਨੇੜੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਨਗੇ। ਬਾਅਦ ਵਿੱਚ ਟੀਮਾਂ ਮਾਰਚ ਪਾਸਟ ਕਰਨਗੀਆਂ। ਝਾਕੀ ਪਰੇਡ ਦੌਰਾਨ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਦਰਸਾਉਂਦੀ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਮਾਰੋਹ ‘ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।