Site icon TheUnmute.com – Punjabi News

ਮਾਨਸਾ ਮੰਡੀਆਂ ‘ਚੋਂ ਸਿੱਧੀਆਂ ਸਪੈਸ਼ਲਾਂ ਭਰਨ ‘ਤੇ ਪੱਲੇਦਾਰਾਂ ਨੇ ਕੀਤਾ ਵਿਰੋਧ

Palledars

ਮਾਨਸਾ, 16 ਅਪ੍ਰੈਲ 2024: ਮੰਡੀਆਂ ਵਿੱਚੋਂ ਸਿੱਧੀਆਂ ਸਪੈਸ਼ਲਾਂ ਭਰਨ ਦਾ ਪੱਲੇਦਾਰਾਂ (Palledars) ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ | ਅੱਜ ਮਾਨਸਾ ਵਿਖੇ ਫੂਡ ਸਪਲਾਈ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਪੱਲੇਦਾਰਾਂ ਨੇ ਪੰਜਾਬ ਸਰਕਾਰ ਤੋਂ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਫੈਸਲੇ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੱਲੇਦਾਰਾਂ ਵੱਲੋਂ ਮੁਕੰਮਲ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ।

ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਅੱਜ ਮਾਨਸਾ ਦੇ ਜ਼ਿਲ੍ਹਾ ਫੂਡ ਸਪਲਾਈ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪੱਲੇਦਾਰ ਆਗੂਆਂ ਨੇ ਕਿਹਾ ਕਿ ਮੰਡੀਆਂ ਦੇ ਵਿੱਚੋਂ ਗੁਦਾਮਾਂ ਵਿੱਚ ਮਾਲ ਲੋੜ ਕਰਨ ਦੀ ਬਜਾਏ ਸਿੱਧਾ ਸਪੈਸ਼ਲ ਭਰਨ ਦਾ ਸਰਕਾਰ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ਦਾ ਪੱਲੇਦਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ ਅਤੇ ਪੱਲੇਦਾਰਾਂ ਦੇ ਚੁੱਲੇ ਠੰਡੇ ਹੋ ਜਾਣਗੇ |

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸੀਜਨ ਦੇ ਦੌਰਾਨ ਹਰ ਵਾਰ ਪੱਲੇਦਾਰਾਂ (Palledars) ਦੇ ਨਾਲ ਹੀ ਵਿਤਕਰਾ ਕੀਤਾ ਜਾਂਦਾ ਹੈ ਇਸ ਵਾਰ ਵੀ ਮੰਡੀਆਂ ਦੇ ਵਿੱਚੋਂ ਸਿੱਧੀਆਂ ਸਪੈਸ਼ਲਾਂ ਭਰਨ ਦਾ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਪਰ ਪੱਲੇਦਾਰਾਂ ਨੇ ਵੀ ਫੈਸਲਾ ਕਰ ਲਿਆ ਹੈ ਕਿ ਸਿੱਧੀਆਂ ਸਪੈਸ਼ਲਾਂ ਨਹੀਂ ਭਰੀਆਂ ਜਾਣਗੀਆਂ ਅਤੇ ਮੁਕੰਮਲ ਬਾਈਕਾਟ ਕਰਕੇ ਸਿੱਧੀਆਂ ਸਪੈਸ਼ਲਾਂ ਭਰਨ ਦਾ ਵਿਰੋਧ ਕੀਤਾ ਜਾਵੇਗਾ |

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹੀ ਮਜ਼ਦੂਰ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਪਰ ਹੁਣ ਸੀਜਨ ਦੇ ਦੌਰਾਨ ਫਿਰ ਤੋਂ ਪੱਲੇਦਾਰਾਂ ਦਾ ਰੁਜ਼ਗਾਰ ਖੋਹਣ ਲਈ ਸਰਕਾਰ ਨੇ ਫਰਮਾਨ ਜਾਰੀ ਕਰ ਦਿੱਤਾ ਹੈ | ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਇਸ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੱਲੇਦਾਰਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਤਿੱਖੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।