Site icon TheUnmute.com

ਪਟਿਆਲਾ ਸ਼ਹਿਰੀ ਹਲਕੇ ਦੀ ਇਕਲੌਤੀ ਗ੍ਰਾਮ ਪੰਚਾਇਤ ਨਿਊ ਖੇੜੀ ‘ਚ ਸਰਬਸੰਮਤੀ ਨਾਲ ਹੋਈ ਚੋਣ

Gram Panchayat

ਪਟਿਆਲਾ, 16 ਅਕਤੂਬਰ 2024: ਬੀਤੇ ਦਿਨ ਪੰਜਾਬ ਭਰ ‘ਚ ਗ੍ਰਾਮ ਪੰਚਾਇਤ (Gram Panchayat) ਚੋਣਾਂ ਹੋਈਆਂ, ਜਿਸ ‘ਚ ਨਵੀਆਂ ਪੰਚਾਇਤਾਂ ਦੀ ਚੋਣ ਹੋਈ ਹੈ | ਉੱਥੇ ਸੂਬੇ ਭਰ ‘ਚ ਕਈ ਪਿੰਡਾਂ ਸਰਬਸੰਮਤੀ ਨਾਲ ਪੰਚਾਇਤ ਚੁਣੀਆਂ ਗਈਆਂ ਹਨ | ਇਸ ਦੌਰਾਨ ਪਟਿਆਲਾ ਸ਼ਹਿਰੀ ਹਲਕੇ ਦੀ ਇਕਲੌਤੀ ਗ੍ਰਾਮ ਪੰਚਾਇਤ ਪਿੰਡ ਨਿਊ ਖੇੜੀ ਵਿਖੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਯਤਨਾਂ ਸਦਕਾ ਸਰਬਸੰਮਤੀ ਨਾਲ ਸਰਪੰਚ ਤੇ ਬਾਕੀ ਦੇ ਪੰਚਾਂ ਦੀ ਚੋਣ ਕੀਤੀ ਗਈ ਹੈ।

ਇਸ ਚੋਣ ‘ਚ ਬਲਵਿੰਦਰਜੀਤ ਸਿੰਘ ਸੰਧੂ ਨੂੰ ਬਤੌਰ ਸਰਪੰਚ ਅਤੇ 9 ਵਾਰਡਾਂ ਦੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ | ਇਨ੍ਹਾਂ ‘ਚ ਪਰਮਜੀਤ ਸਿੰਘ, ਬਲਜੀਤ ਸਿੰਘ, ਨਿੱਧੀ ਖੋਸਲਾ, ਜਸਲੀਨ ਕੌਰ, ਸ਼ੀਨੂ ਗਰਗ, ਇੰਦਰਜੀਤ ਸਿੰਘ, ਜਸਵੰਤ ਸਿੰਘ, ਦਮਨਪ੍ਰੀਤ ਕੌਰ ਤੇ ਚਿਮਨਾ ਰਾਣੀ ਸ਼ਾਮਲ ਹਨ।

ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰ ਕੀਤੇ ਐਲਾਨ ਮੁਤਾਬਕ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ | ਜਿਸ ਲਈ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਿੰਡ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰਨਗੇ ।

ਇਸਦੇ ਨਾਲ ਹੀ ਅਜੀਤਪਾਲ ਸਿੰਘ ਕੋਹਲੀ ਨੇ ਸਰਪੰਚ ਤੇ ਸਮੁੱਚੀ ਪੰਚਾਇਤ (Gram Panchayat) ਨੂੰ ਇਸ ਨੇਕ ਕੰਮ ਲਈ ਵਧਾਈ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਪਿੰਡ ‘ਚ ਸਰਬਸੰਮਤੀ ਕਰਵਾਈ ਗਈ ਹੈ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਖੁਦ ਇਸ ਪਿੰਡ ਦੇ ਵਿਕਾਸ ਲਈ ਵਚਨਬੱਧ ਰਹਿਣਗੇ। ਵਿਧਾਇਕ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਆਪਸੀ ਧੜੇਬੰਦੀ ਤੋਂ ਉੱਪਰ ਉਠ ਕੇ ਜੋ ਫ਼ੈਸਲਾ ਕੀਤਾ ਹੈ ਉਹ ਸ਼ਲਾਘਾਯੋਗ ਹੈ। ਇਸ ਮੌਕੇ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਅਤੇ ਹੋਰ ਆਗੂ ਵੀ ਹਾਜ਼ਰ ਸਨ।

ਇਸ ਦੌਰਾਨ ਸਰਪੰਚ ਬਲਵਿੰਦਰਜੀਤ ਸਿੰਘ ਸੰਧੂ ਤੇ ਪੰਚਾਂ ਨੇ ਵਿਧਾਇਕ ਕੋਹਲੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਵਿਧਾਇਕ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਲਈ ਰਲਕੇ ਕੰਮ ਕਰਨਗੇ । ਵਿਧਾਇਕ ਕੋਹਲੀ ਨੇ ਸਮੁੱਚੀ ਪੰਚਾਇਤ ਦਾ ਸਨਮਾਨ ਵੀ ਕੀਤਾ ਹੈ।

Exit mobile version