Site icon TheUnmute.com

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ: ਮੀਤ ਹੇਅਰ

New Sports Policy

ਚੰਡੀਗੜ੍ਹ, 6 ਜੂਨ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਨਵੀਂ ਖੇਡ ਨੀਤੀ(New Sports Policy ਸੂਬੇ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਤੇ ਖੇਡਾਂ ਨੂੰ ਹੋਰ ਹੁਲਾਰਾ ਦੇਣ ਵਿਚ ਅਹਿਮ ਭੂਮਿਕਾ ਅਦਾ ਕਰੇਗੀ। ਸਥਾਨਕ ਪੰਜਾਬ ਭਵਨ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ, ਮਾਹਰਾਂ ਅਤੇ ਵੱਖ-ਵੱਖ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਖੇਡ ਨੀਤੀ ਬਾਬਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਮੁੜ ਤੋਂ ਖੇਡਾਂ ਵਿਚ ਅੱਵਲ ਬਣਾਉਣ ਲਈ ਸਾਰਥਕ ਕੋਸ਼ਿਸ਼ਾਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸੁਝਾਅ ਅਤੇ ਮਾਹਰਾਂ ਨਾਲ ਕੀਤੇ ਵਿਚਾਰ-ਵਟਾਂਦਰੇ ਤੋਂ ਬਾਅਦ ਖੇਡ ਨੀਤੀ (New Sports Policy) ਦਾ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਹੋਰ ਬੇਹਤਰ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮੈਡਲ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਨਵੀਂ ਖੇਡ ਨੀਤੀ ਵਿਚ ਸਪੱਸ਼ਟ ਵਿਵਸਥਾ ਕੀਤੀ ਜਾਵੇ। ਜਿਹੜੇ ਸੂਬੇ ਖਿਡਾਰੀਆਂ ਲਈ ਚੰਗੇ ਕਾਰਜ ਕਰ ਰਹੇ ਹਨ ਅਤੇ ਜਿੱਥੇ ਖਿਡਾਰੀਆਂ ਦੀ ਕਾਰਗੁਜ਼ਾਰੀ ਚੰਗੀ ਹੈ, ਉਨ੍ਹਾਂ ਸੂਬਿਆਂ ਦੀਆਂ ਨੀਤੀਆਂ ਬਾਰੇ ਵੀ ਮੀਟਿੰਗ ਵਿਚ ਵਿਚਾਰ-ਚਰਚਾ ਕੀਤੀ ਗਈ।

ਮੀਤ ਹੇਅਰ ਨੇ ਕਿਹਾ ਕਿ ਸੂਬੇ ‘ਚ ਖੇਡ ਸੱਭਿਆਚਾਰ ਅਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਇਸ ਦੀ ਸ਼ੁਰੂਆਤ ਪਿੰਡ ਪੱਧਰ ਤੋਂ ਕਰਨੀ ਪਵੇਗੀ। ਉਨ੍ਹਾਂ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਖੇਡਾਂ ਵਤਨ ਪੰਜਾਬ ਦੀਆਂ ਇਸ ਮਕਸਦ ਵਿਚ ਕਾਮਯਾਬ ਰਹੀਆਂ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਖੇਡਾਂ ਨੂੰ ਹੋਰ ਵੱਡੇ ਮੁਕਾਮ ‘ਤੇ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਖਿਡਾਰੀਆਂ ਨੂੰ ਚੰਗੀ ਡਾਈਟ ਅਤੇ ਰਹਿਣ ਦੀਆਂ ਵਧੀਆ ਸੁਵਿਧਾਵਾਂ ਦੇਣ ਨਾਲ ਖਿਡਾਰੀਆਂ ਦਾ ਮਨੋਬਲ ਵਧੇਗਾ ਅਤੇ ਉਹ ਆਪਣੀ ਖੇਡ ਵੱਲ ਬੇਹਤਰ ਧਿਆਨ ਦੇ ਸਕਣਗੇ। ਉਨ੍ਹਾਂ ਨਵੇਂ ਸਪੋਰਟਸ ਹੋਸਟਲ ਬਣਾਉਣ ਦੀ ਸੰਭਾਵਨਾਂ ਤਲਾਸ਼ਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।

ਮੀਟਿੰਗ ਦੌਰਾਨ ਖੇਡ ਮੰਤਰੀ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਪੈਰਾ ਖਿਡਾਰੀਆਂ ਵੱਲ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇਵੇਗੀ। ਇਸ ਦੌਰਾਨ ਪੈਰਾ ਸਪੋਰਟਸ ਨੂੰ ਹੋਰ ਹੁਲਾਰਾ ਦੇਣ ਲਈ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਨਵੀਂ ਖੇਡ ਨੀਤੀ ਦੇ ਹੋਰ ਵੀ ਬਹੁਤ ਸਾਰੇ ਪਹਿਲੂਆਂ ਅਤੇ ਵੱਖ-ਵੱਖ ਵਿਸ਼ਿਆਂ ਬਾਰੇ ਮਟਿੰਗ ਦੌਰਾਨ ਵਿਚਾਰ-ਚਰਚਾ ਕੀਤੀ ਗਈ ਤਾਂ ਜੋ ਖੇਡ ਨੀਤੀ ਜਿੱਥੇ ਨਵੇਂ ਖਿਡਾਰੀਆਂ ਨੂੰ ਉਤਸ਼ਾਹਿਤ ਕਰੇ ਉੱਥੇ ਹੀ ਜੇਤੂ ਖਿਡਾਰੀਆਂ ਤੇ ਰਿਟਾਇਰ ਖਿਡਾਰੀਆਂ ਨੂੰ ਬੇਹਤਰ ਭਵਿੱਖ ਪ੍ਰਦਾਨ ਕਰਨ ਵਾਲੀ ਹੋਵੇ।

ਮੀਟਿੰਗ ਵਿਚ ਹਾਕੀ ਓਲੰਪੀਅਨ ਤੇ ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ, ਵਧੀਕ ਮੁੱਖ ਸਕੱਤਰ ਖੇਡਾਂ ਸਰਵਜੀਤ ਸਿੰਘ, ਡਾਇਰੈਕਟਰ ਖੇਡਾਂ ਹਰਪ੍ਰੀਤ ਸਿੰਘ ਸੂਦਨ, ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਜਗਬੀਰ ਸਿੰਘ ਚੀਮਾ, ਐਨ.ਆਈ.ਐਸ, ਸਕੂਲ ਤੇ ਹਾਇਰ ਐਜੂਕੇਸ਼ਨ ਦੇ ਨੁਮਾਇੰਦੇ, ਖੇਡ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਖੇਡ ਨੀਤੀ ਬਣਾਉਣ ਵਾਲੀ ਟੀਮ ਦੇ ਮਾਹਰ ਹਾਜ਼ਰ ਸਨ।

Exit mobile version