July 6, 2024 11:03 pm
ਜ਼ਮੀਨ ਘੁਟਾਲੇ

ਜੰਗਲਾਤ ਵਿਭਾਗ ਜ਼ਮੀਨ ਘੁਟਾਲੇ ‘ਚ ‘ਆਪ’ ਦੇ ਸਾਬਕਾ ਵਿਧਾਇਕ ਦਾ ਨਾਂ ਆਇਆ ਸਾਹਮਣੇ

ਚੰਡੀਗੜ੍ਹ 29 ਅਗਸਤ 2022: ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਹਾ ਦਾ ਪੰਜਾਬ ਵਿੱਚ ਜੰਗਲਾਤ ਵਿਭਾਗ ਜ਼ਮੀਨ ਘੁਟਾਲੇ ਵਿੱਚ ਨਾਂ ਸਾਹਮਣੇ ਆ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਸੰਦੋਹਾ ਦੀ ਇਨੋਵਾ ਕਾਰ ਰੋਪੜ ਦੇ ਪਿੰਡ ਕਰੂਰਾਂ ਵਿੱਚ ਘਪਲੇ ਦੇ ਪੈਸੇ ਨਾਲ ਖਰੀਦੀ ਗਈ ਸੀ। ਪੰਜਾਬ ਵਿਜੀਲੈਂਸ ਦੀ ਜਾਂਚ ਵਿੱਚ ਇਸ ਦੇ ਖੁਲਾਸੇ ਤੋਂ ਬਾਅਦ ਐਸ.ਡੀ.ਐਮ ਨੇ ਇਨੋਵਾ ਦੀ ਰਜਿਸਟ੍ਰੇਸ਼ਨ ਜ਼ਬਤ ਕਰ ਲਈ ਹੈ।

ਦੂਜੇ ਪਾਸੇ ਹਾਲਾਂਕਿ ਸਾਬਕਾ ਵਿਧਾਇਕ ਅਮਰਜੀਤ ਸੰਦੋਹਾ ਨੇ ਇਸ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ‘ਆਪ’ ਨੂੰ ਘੇਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਾਬਕਾ ਵਿਧਾਇਕ ਸੰਦੋਹਾ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਪੰਜਾਬ ਵਿਜੀਲੈਂਸ ਬਿਊਰੋ ਨੇ ਦੋ ਮਹੀਨੇ ਪਹਿਲਾਂ ਰੋਪੜ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ ਦਸ ਗੁਣਾ ਵੱਧ ਰੇਟ ’ਤੇ ਵੇਚਣ ਦੇ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਬਕਾ ਵਿਧਾਇਕ ਜੋ ਇਨੋਵਾ ਕ੍ਰਿਸਟਾ ਗੱਡੀ ਪਿਛਲੇ ਇੱਕ ਸਾਲ ਤੋਂ ਵਰਤ ਰਹੇ ਹਨ, ਉਹ ਘਪਲੇ ਦੇ ਪੈਸਿਆਂ ਨਾਲ ਖਰੀਦੀ ਗਈ ਸੀ। ਇਹ ਕਾਰ ਸੰਦੋਹਾ ਦੇ ਕਿਸੇ ਰਿਸ਼ਤੇਦਾਰ ਨੇ ਖ਼ਰੀਦੀ ਸੀ। ਇਹ ਰਕਮ ਘੁਟਾਲੇ ਦੇ ਮੁਲਜ਼ਮਾਂ ਦੇ ਖਾਤੇ ਤੋਂ ਸਿੱਧੀ ਕਾਰ ਡੀਲਰ ਦੇ ਖ਼ਾਤੇ ਵਿੱਚ ਟਰਾਂਸਫਰ ਕੀਤੀ ਗਈ। ਜਿਸ ਤੋਂ ਬਾਅਦ ਇਹ ਕਾਰ ਖ਼ਰੀਦੀ ਗਈ।

ਇਸਦੇ ਨਾਲ ਹੀ ਵਿਜੀਲੈਂਸ ਬਿਊਰੋ ਨੇ ਜਦੋਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਘੁਟਾਲੇ ਵਿੱਚ ਨਾਮਜ਼ਦ ਭਿੰਦਰ ਬ੍ਰਦਰਜ਼ ਨੇ ਜਲੰਧਰ ਦੀ ਇੱਕ ਔਰਤ ਦੇ ਖਾਤੇ ਵਿੱਚ 2 ਕਰੋੜ ਰੁਪਏ ਜਮ੍ਹਾ ਕਰਵਾਏ ਸਨ। ਦੱਸਿਆ ਜਾ ਰਿਹਾ ਹੈ ਕਿ ਬਰਿੰਦਰ ਨੇ 16 ਅਕਤੂਬਰ 2020 ਨੂੰ ਇੱਕ ਕਾਰ ਡੀਲਰ ਦੇ ਖ਼ਾਤੇ ਵਿੱਚ 19 ਲੱਖ ਰੁਪਏ ਟਰਾਂਸਫਰ ਕੀਤੇ। ਇਸ ਦੀ ਬਜਾਏ ਇਨੋਵਾ ਕ੍ਰਿਸਟਾ ਗੱਡੀ ਖਰੀਦੀ ਗਈ।