Site icon TheUnmute.com

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਰਾਏ ਮੁਤਾਬਕ ਤਬਦੀਲ ਕੀਤਾ ਜਾਵੇ: ਭਾਈ ਗਰੇਵਾਲ/ਖਾਲਸਾ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ

ਅੰਮ੍ਰਿਤਸਰ 08 ਦਸੰਬਰ 2022: ਸਿੱਖ ਕੌਮ ਦੇ ਕਰੀਬ ਤਿੰਨ ਤਿੰਨ ਸਦੀਆਂ ਦੇ ਇਤਿਹਾਸ ਦੌਰਾਨ ਕੌਮ ਨੇ ਵੱਡੀਆਂ ਸ਼ਹਾਦਤਾਂ, ਜ਼ੁਲਮ ਦੇ ਖਿਲਾਫ਼ ਡਟਣਾਂ, ਗੁਰੂ ਸਿਧਾਂਤ ਦੇ ਪ੍ਰਚਾਰ ਪਸਾਰ ਨੂੰ ਦੁਨੀਆਂ ਤੱਕ ਲੈ ਕੇ ਜਾਣਾ, ਮਾਨਵਤਾ ਦੇ ਭਲੇ ਲਈ ਡਟ ਕੇ ਪਹਿਰਾ ਦੇਣਾ, ਮਨੁੱਖੀ ਹੱਕਾਂ ਲਈ ਸੰਘਰਸ਼ ਕਰਨ ਵਰਗੀਆਂ ਅਜਿਹੀਆਂ ਜਿੰਮੇਵਾਰੀਆਂ ਨਿਭਾਉਣ ਦਾ ਇਤਿਹਾਸ ਸੁਨਹਿਰੀ ਅੱਖਰਾਂ `ਚ ਉਕਰਿਆ ਮਿਲਦਾ ਹੈ।

ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜ਼ੋਨ ਦੇ ਮੁੱਖ ਸੇਵਾਦਾਰ ਭਾਈ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼ੋ੍ਰਮਣੀ ਕਮੇਟੀ ਵੱਲੋਂ ਸਾਂਝੇ ਤੌਰ `ਤੇ ਜਾਰੀ ਇਕ ਬਿਆਨ ਰਾਹੀਂ ਪ੍ਰਗਟ ਕੀਤੇ। ਭਾਈ ਗਰੇਵਾਲ ਤੇ ਖਾਲਸਾ ਨੇ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਾਂ ਦੇ ਸੁਨਹਿਰੀ ਇਤਿਹਾਸ ਦਾ ਪੰਨਾ ਸਾਹਿਬਜ਼ਾਦਿਆਂ ਦੀ ਕੁਰਬਾਨੀ ਆਪਣੇ ਆਪ `ਚ ਦੁਨੀਆਂ ਅੰਦਰ ਇਕ ਵਿਲੱਖਣ ਮਿਸਾਲ ਹੈ। 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਿਆਂ ਵੱਲੋਂ ਕਿਸੇ ਵੀ ਜ਼ਬਰ ਜ਼ੁਲਮ ਜਾਂ ਦਬਾਅ ਨੂੰ ਨਾ ਝਲਦਿਆਂ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਆਪਾਂ ਸਮਰਪਣ ਕੀਤਾ।

ਉਨ੍ਹਾਂ ਬਾਲ ਉਮਰੇ ਬਾਬਿਆਂ ਵਾਲਾ ਕਾਰਨਾਮਾ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਕੌਮ ਦੇ ਬਾਬਿਆਂ ਦਾ ਖਿਤਾਬ ਦਿੱਤਾ ਗਿਆ ਹੈ। ਅੱਜ ਭਾਰਤ ਦੀ ਮੋਦੀ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਨੂੰ `ਵੀਰ ਬਾਲ ਦਿਵਸ` ਦੇ ਨਾਮ ਹੇਠਾਂ ਮਨਾਉਣ ਦਾ, ਜੋ ਫੈਸਲਾ ਕੀਤਾ ਗਿਆ ਹੈ, ਉਹ ਸ਼ਲਾਘਾਯੋਗ ਹੈ। ਪਰ ਉਸ ਦੇ ਨਾਮ ਨੂੰ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਕੌਮ ਦੀਆਂ ਭਾਵਨਾ ਨੂੰ ਪ੍ਰਗਟ ਕਰਦਾ ਇਕ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਿਆ ਗਿਆ ਹੈ, ਜਿਸ ਨੂੰ ਕਿਸੇ ਟੀਕਾ ਟਿੱਪਣੀ ਦਾ ਨਾਮ ਨਾ ਦੇ ਕੇ ਸਾਹਿਬਜ਼ਾਦਿਆਂ ਵੱਲੋਂ ਵੱਡਾ ਇਤਿਹਾਸ ਸਿਰਜਣ ਤੇ ਉਨ੍ਹਾਂ ਨੂੰ ਕੌਮ ਦੇ ਬਾਲ ਨਾ ਕਹਿਕੇ ਬਾਬੇ ਦੇ ਨਾਮ ਨਾਲ ਸਤਿਕਾਰ ਦਿੱਤਾ ਗਿਆ ਹੈ। ਅਸੀਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਵਿਚਾਰਾਂ ਨਾਲ ਪੂਰਨ ਰੂਪ `ਚ ਸਹਿਮਤੀ ਦਿੰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਬੰਧੀ ਸਿੱਧਾ ਦਖ਼ਲ ਦੇ ਕੇ ਸ਼ਹੀਦੀ ਦਿਹਾੜੇ ਦੇ ਨਾਮ `ਚ ਤੁਰੰਤ ਤਬਦੀਲੀ ਕਰਵਾਉਣ। ਇਸ ਸਮੇਂ ਹਰਦੀਪ ਸਿੰਘ ਕੋਟਰਾਂਝਾ ਤੇ ਦਿਲਰਾਜ ਸਿੰਘ ਰਾਜਾ ਵੀ ਹਾਜ਼ਰ ਸਨ।

Exit mobile version