ਚੰਡੀਗੜ੍ਹ 22 ਦਸੰਬਰ 2022: ਤਿਹਾੜ ਜੇਲ੍ਹ (Tihar Jail) ਦੇ ਸਾਬਕਾ ਜੇਲ੍ਹ ਮੁਖੀ ਸੰਦੀਪ ਗੋਇਲ (Sandeep Goyal) ਨੂੰ ਗ੍ਰਹਿ ਮੰਤਰਾਲੇ ਨੇ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਦੇ ਤਬਾਦਲੇ ਤੋਂ ਇੱਕ ਮਹੀਨੇ ਬਾਅਦ ਕੀਤੀ ਗਈ ਹੈ | ਇਸਦੇ ਨਾਲ ਹੀ ਆਈਪੀਐਸ ਸੰਦੀਪ ਗੋਇਲ ਨੂੰ ਦਿੱਲੀ ਪੁਲਿਸ ਹੈੱਡਕੁਆਰਟਰ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਮੁਅੱਤਲੀ ਦਾ ਹੁਕਮ ਬੀਤੀ (21 ਦਸੰਬਰ) ਰਾਤ ਨੂੰ ਗ੍ਰਹਿ ਮੰਤਰਾਲੇ ਵੱਲੋਂ ਅਚਾਨਕ ਜਾਰੀ ਕੀਤਾ ਗਿਆ ਹੈ |
ਗ੍ਰਹਿ ਮੰਤਰਾਲੇ ਦੀ ਇਹ ਕਾਰਵਾਈ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਸੁਕੇਸ਼ ਚੰਦਰਸ਼ੇਖਰ ਨੇ ਪਿਛਲੇ ਮਹੀਨੇ ਸਨਸਨੀਖੇਜ਼ ਢੰਗ ਨਾਲ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗੋਇਲ ਨੂੰ ਮੰਡੋਲੀ ਜੇਲ੍ਹ ਵਿੱਚ ਸੁਰੱਖਿਆ ਲਈ 12.5 ਕਰੋੜ ਰੁਪਏ “ਸੁਰੱਖਿਆ ਧਨ” ਵਜੋਂ ਦਿੱਤੇ ਸਨ। ਸੁਕੇਸ਼ ਚੰਦਰਸ਼ੇਖਰ ਨੇ ਦਾਅਵਾ ਕੀਤਾ ਕਿ ਉਸਨੇ ਸਤੇਂਦਰ ਜੈਨ ਨੂੰ ਕੁੱਲ 10 ਕਰੋੜ ਰੁਪਏ ਅਤੇ ਤਿਹਾੜ ਜੇਲ੍ਹ ਦੇ ਡੀਜੀ ਰਹੇ ਸੰਦੀਪ ਗੋਇਲ (Sandeep Goyal) ਨੂੰ 12.50 ਕਰੋੜ ਰੁਪਏ ਦਿੱਤੇ ਸਨ |