ਗੁਰਦਾਸਪੁਰ 03 ਅਕਤੂਬਰ 2022: ਗੁਰਦਾਸਪੁਰ ਦੇ ਧਾਰੀਵਾਲ ਥਾਣੇ ਦੀ ਪੁਲਿਸ ਦੀ ਕਾਰਜਪ੍ਰਣਾਲੀ ਤੋਂ ਨਰਾਜ਼ ਇੱਕ ਵਿਅਕਤੀ ਪੁਲਿਸ ਮੁਲਾਜ਼ਮ ਦੀ ਐਸਐਲਆਰ ਰਾਈਫਲ ਲੈ ਕੇ ਫਰਾਰ ਹੋ ਗਿਆ ਸੀ । ਜਿਸ ਦੀ ਜਾਣਕਾਰੀ ਬਾਅਦ ‘ਚ ਉਸ ਨੇ ਖੁਦ ਫੇਸਬੁੱਕ ‘ਤੇ ਲਾਈਵ ਹੋ ਕੇ ਸਾਰਿਆਂ ਨੂੰ ਦਿੱਤੀ। ਲੋਕੇਸ਼ਨ ਮਿਲਣ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਥਾਣਾ ਧਾਰੀਵਾਲ ਦੇ ਐਸ.ਐਚ.ਓ ਅਤੇ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਧਾਰੀਵਾਲ ਥਾਣੇ ਅਧੀਨ ਪੈਂਦੇ ਪਿੰਡ ਗੁਰਦਾਸ ਨੰਗਲ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਜਗਜਿੰਦਰ ਸਿੰਘ ਨੇ ਕਰੀਬ ਇੱਕ ਮਹੀਨਾ ਪਹਿਲਾਂ ਲੜਾਈ ਝਗੜੇ ਦੀ ਸ਼ਿਕਾਇਤ ਦਰਜ ਕਰਵਾਈ ਸੀ। ਥਾਣੇ ਦੇ ਕਈ ਚੱਕਰ ਲਗਾਉਣ ਤੋਂ ਬਾਅਦ ਵੀ ਕਾਰਵਾਈ ਨਾ ਹੋਣ ਤੋਂ ਤੰਗ ਆ ਕੇ ਸੋਮਵਾਰ ਸਵੇਰੇ ਅੱਠ ਵਜੇ ਦੇ ਕਰੀਬ ਉਹ ਥਾਣਾ ਧਾਰੀਵਾਲ ਦੇ ਪੁਲਿਸ ਮੁਲਜ਼ਮ ਦੀ ਐਸਐਲਆਰ ਰਾਈਫਲ ਲੈ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਲਾਈਵ ਹੋ ਕੇ ਸਾਰੀ ਗੱਲ ਦੱਸੀ। ਸੂਚਨਾ ਮਿਲਣ ’ਤੇ ਪੁਲਿਸ ਨੇ ਥਾਣਾ ਕਾਹਨੂੰਵਾਨ ਦੇ ਪਿੰਡ ਧੰਦਲ ਵਿੱਚ ਇੱਕ ਟਿਊਬਵੈੱਲ ਨੂੰ ਘੇਰਾ ਪਾ ਲਿਆ। ਕਰੀਬ ਪੰਜ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ |
ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦਕਿ ਐੱਸਐੱਚਓ ਅਤੇ ਉਕਤ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।