ਚੰਡੀਗੜ੍ਹ, 14 ਮਾਰਚ 2023: ਇੱਕ ਸਫਲ ਫਿਲਮ ਦੇ ਨਿਰਦੇਸ਼ਕ ਆਪਣੀ ਕਲਪਨਾ ਵਿਚਲੀ ਤਸਵੀਰ ਨੂੰ ਦਰਸ਼ਕਾਂ ਦੇ ਸਾਹਮਣੇ ਜੀਵਿਤ ਕਰਨ ਵਿੱਚ ਇੱਕ ਵੱਡਾ ਯੋਗਦਾਨ ਪਾਉਂਦੇ ਹਨ। ਐਸੀ ਹੀ ਸ਼ਖ਼ਸੀਅਤ ਉਦੈ ਪ੍ਰਤਾਪ ਸਿੰਘ ਜੋ ਇੱਕ ਨਵੀਂ ਪੰਜਾਬੀ ਫਿਲਮ “ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ” ਦੇ ਨਾਲ, ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦਾ ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਮੁੜ ਵਾਪਿਸ ਆਉਣ ਦੀ ਚਾਹ ਨਾਲ ਰੂਬਰੂ ਕਰਵਾਉਂਦੇ ਹਨ।
ਉਦੈ ਪ੍ਰਤਾਪ ਸਿੰਘ ਇੱਕ ਮਸ਼ਹੂਰ ਨਿਰਦੇਸ਼ਕ ਹੈ ਜਿਸਨੇ ਮਾਂ ਦਾ ਲਾਡਲਾ ਅਤੇ ਦਿਲ ਦੀਆਂ ਗੱਲਾਂ ਸਮੇਤ ਕਈ ਫਿਲਮਾਂ ਪੇਸ਼ ਕੀਤੀਆਂ ਹਨ ਜਿਨ੍ਹਾਂ ਨੂੰ ਸਿਨੇਮਾਘਰਾਂ ਵਿੱਚ ਬਹੁਤ ਸ਼ਲਾਘਾਯੋਗ ਹੁੰਗਾਰਾ ਮਿਲਿਆ। ਉਦੈ ਪ੍ਰਤਾਪ ਸਿੰਘ ਇੱਕ ਐਸੇ ਨਿਰਦੇਸ਼ਕ ਹਨ ਜੋ ਆਪਣੇ ਕੰਮ ਦੇ ਮਾਮਲੇ ਵਿਚ ਐਨੇ ਅਟੱਲ ਹਨ ਕਿ ਉਹ ਕਿਰਦਾਰ ਅਤੇ ਕਹਾਣੀ ਦੀ ਹਰ ਬਾਰੀਕੀ ਨੂੰ ਇੱਕ ਨਵੀ ਪਹਿਚਾਣ ਦੇ ਦਿੰਦੇ ਨੇ ਜੋ ਦਰਸ਼ਕਾਂ ਨੂੰ ਛੂਹ ਜਾਂਦੀ ਹੈ।
ਕਹਾਣੀ ਬਾਰੇ ਗੱਲ ਕਰੀਏ ਤਾਂ, ਇਹ ਫਿਲਮ ਆਪਣੇ ਜੱਦੀ ਦੇਸ਼ ਅਤੇ ਆਪਣੇ ਪਿਆਰਿਆਂ ਨੂੰ ਛੱਡ ਕੇ ਦੂਜੇ ਦੇਸ਼ਾਂ ਦੀ ਯਾਤਰਾ ਨਾਲ ਸ਼ੁਰੂ ਹੁੰਦੀ ਹੈ, ਜਿੱਥੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ, ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਬਣਾਈ ਗਈ ਹੈ ਅਤੇ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵਿਸ਼ਵ ਭਰ ਵਿੱਚ ਡਿਸਟ੍ਰਿਬਯੂਟ ਕੀਤਾ ਜਾਵੇਗਾ। ਫ਼ਿਲਮ ਦਾ ਸੰਗੀਤ ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ।
ਫਿਲਮ ਬਾਰੇ ਉਦੈ ਪ੍ਰਤਾਪ ਸਿੰਘ ਕਹਿੰਦੇ ਹਨ, “ਮੈਂ ਫਿਲਮ ਦੀ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਫਿਲਮ ਦੇ ਲੇਖਕ ਜਗਦੀਪ ਵੜਿੰਗ ਅਜਿਹੀ ਅਸਲੀਅਤ ‘ਤੇ ਚਾਨਣਾ ਪਾਉਣ ਲਈ ਸਭ ਤੋਂ ਵੱਧ ਪ੍ਰਸ਼ੰਸਾ ਦੇ ਹੱਕਦਾਰ ਹਨ ਕਿ ਸਾਡੇ ਅਜ਼ੀਜ਼ ਆਮ ਤੌਰ ‘ਤੇ ਆਪਣੀ ਜਨਮ ਭੂਮੀ ਤੋਂ ਦੂਰ ਚਲੇ ਜਾਂਦੇ ਹਨ। ਫਿਲਮ ਦਾ ਨਿਰਦੇਸ਼ਨ ਕਰਨਾ, ਇੱਕ ਬੇਮਿਸਾਲ ਭਾਵਨਾਤਮਕ ਤਜਰਬਾ ਸੀ ਅਤੇ ਅਜਿਹੇ ਸਮਰਪਿਤ ਕਾਸਟ ਦੇ ਨਾਲ ਕੰਮ ਕਰਨਾ ਮੈਨੂੰ ਬਹੁਤ ਹੀ ਮਾਣ ਮਹਿਸੂਸ ਕਰਵਾਉਂਦਾ ਹੈ।”
24 ਮਾਰਚ 2023 ਨੂੰ ਰਿਲੀਜ਼ ਹੋਵੇਗੀ ਫਿਲਮ “ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ”