Site icon TheUnmute.com

ਮੋਹਾਲੀ ਸ਼ਹਿਰ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) ‘ਚ ਕੀਤਾ ਜਾਵੇਗਾ ਤਬਦੀਲ: ਅਮਿਤ ਤਲਵਾੜ

ਮੋਹਾਲੀ

ਮੋਹਾਲੀ 24 ਨਵੰਬਰ 2022: ਮੋਹਾਲੀ ਵਿਖੇ ਵੱਧ ਰਹੀ ਟ੍ਰੈਫਿਕ ਦੀ ਸਮੱਸਿਆਂ ਨੂੰ ਹਲ ਦੇ ਕਰਨ ਦੇ ਨਾਲ ਨਾਲ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਵਿੱਚ ਕਮੀ ਕੀਤੇ ਜਾਣ ਦੇ ਮੰਤਵ ਅਧੀਨ ਪੰਜਾਬ ਸਰਕਾਰ ਵਲੋਂ ਸ਼ਹਿਰ ਮੋਹਾਲੀ ਦੇ ਲਾਇੰਟ ਪੁਆਇੰਟਾਂ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜ਼ਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਮਾਡਾ, ਮਿਊਸੀਂਪਲ ਕਾਰਪੋਰੇਸ਼ਨ, ਆਰ.ਟੀ.ਏ., ਪੁਲਿਸ, ਰੋਡ ਸੇਫਟੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਗਈ।

ਇਹ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਦਿਨੋਂ ਦਿਨ ਵਧ ਰਿਹਾ ਹੈ ਅਤੇ ਸੜਕਾਂ ਤੇ ਦੁਰਘਟਨਾਵਾਂ ਦੀ ਗਿਣਤੀ ਵਿੱਚ ਕਾਫੀ ਇਜ਼ਾਫਾ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਬਹੁਪੱਖੀ ਯੋਜਨਾ ਤਹਿਤ ਸ਼ਹਿਰ ਮੋਹਾਲੀ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ(ਰਾਊਂਡ ਅਬਾਊਟ)ਵਿੱਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਅਤੇ ਗਮਾਡਾ ਦੇ ਤਕਨੀਕੀ ਸਲਾਹਕਾਰ ਦੀ ਮਦਦ ਨਾਲ ਤਜ਼ਵੀਜ਼ ਤਿਆਰ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਅਗਲੇ ਸਾਲ ਮਾਰਚ ਮਹੀਨੇ ਦੇ ਅੰਤ ਤੱਕ ਇਨ੍ਹਾਂ ਗੋਲ ਚੌਕਾਂ ਦੀ ਉਸਾਰੀ ਕੀਤੇ ਜਾਣ ਦੀ ਯੋਜਨਾ ਹੈ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਏਅਰਪੋਰਟ ਰੋਡ (ਪੀ.ਆਰ. 7) ਉਪਰ ਵੱਧ ਰਹੇ ਟ੍ਰੈਫਿਕ ਦੀ ਸਮੱਸਿਆ ਦੇ ਹਲ ਲਈ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਵੱਲੋਂ ਸਰਵੇ ਕਰਕੇ ਢੁੱਕਵੀ ਤਜ਼ਵੀਜ਼ ਪੇਸ਼ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਮਿਊਸੀਂਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਏਅਰਪੋਰਟ ਤੇ ਲੱਗੀਆਂ ਲਾਇਟਾਂ ਦੀ ਸਿਨਕਰੋਨਾਈਜੇਸ਼ਨ ਕੀਤੀ ਜਾਵੇ ਤਾਂ ਜੋ ਕਿਸੇ ਵੀ ਲਾਇਟ ਪੁਆਇੰਟ ਤੇ ਏਅਰ ਪੋਰਟ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਜ਼ਿਆਦਾ ਦੇਰ ਰੁਕਣਾ ਨਾ ਪਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਅਮਨ ਅਰੋੜਾ ਵੱਲੋਂ ਸਥਾਨਕ ਵਿਧਾਇਕ ਸ੍ਰੀ ਕੁਲਵੰਤ ਸਿੰਘ ਦੀ ਮੰਗ ਤੇ ਸ਼ਹਿਰ ਦੇ ਬੁਨਿਆਂਦੀ ਢਾਂਚੇ , ਸੜਕਾਂ, ਟ੍ਰੈਫਿਕ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਵਾਸਤੇ ਗਮਾਡਾ ਦੇ ਦਫਤਰ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਟ੍ਰੈਫਿਕ ਦੀ ਸਮੱਸਿਆਂ ਦੇ ਢੁੱਕਵੇਂ ਹੱਲ ਅਤੇ ਸੜਕੀ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਲਈ ਮੰਤਰੀ  ਅਮਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੂੰ ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਡੀ.ਸੀ. ਐਸ.ਏ.ਐਸ. ਨਗਰ ਵੱਲੋ ਅੱਜ ਦੀ ਮੀਟਿੰਗ ਕੀਤੀ ਗਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ  ਤਰਸੇਮ ਚੰਦ, ਜ਼ਿਲ੍ਹਾ ਟਾਊਨ ਪਲਾਨਰ  ਗੁਰਦੇਵ ਸਿੰਘ, ਸਕੱਤਰ ਆਰ.ਟੀ.ਏ. ਪਰਦੀਪ ਸਿੰਘ ਢਿਲੋਂ, ਰੋਡ ਸੇਫਟੀ ਇੰਜੀਨੀਅਰ ਚਰਨਜੀਤ ਤੋਂ ਇਲਾਵਾ ਗਮਾਡਾ ਦੇ ਤਕਨੀਕੀ ਸਲਾਹਕਾਰ,ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ।

Exit mobile version