ਚੰਡੀਗੜ੍ਹ, 28 ਮਈ 2024: ਭਾਰਤੀ ਟੀਮ ਇਸ ਸਮੇਂ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਨਿਊਯਾਰਕ ‘ਚ ਹੈ। ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਇਸ ਗਲੋਬਲ ਟੂਰਨਾਮੈਂਟ ਤੋਂ ਬਾਅਦ ਖਤਮ ਹੋ ਰਿਹਾ ਹੈ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਭਾਰਤੀ ਟੀਮ ਦੇ ਮੁੱਖ ਕੋਚ (Head Coach) ਦੇ ਅਹੁਦੇ ਲਈ ਪਹਿਲਾਂ ਹੀ ਅਰਜ਼ੀਆਂ ਮੰਗੀਆਂ ਸਨ। ਇਸ ਦੀ ਆਖਰੀ ਤਾਰੀਖ਼ 27 ਮਈ ਸੀ ਜੋ ਹੁਣ ਲੰਘ ਚੁੱਕੀ ਹੈ। ਸਮਾਂ ਸੀਮਾ ਖਤਮ ਹੋਣ ਦੇ ਬਾਵਜੂਦ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਉਮੀਦਵਾਰ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਇਸ ਸਬੰਧੀ ਬੋਰਡ ਵੱਲੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਕੋਚ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਗੰਭੀਰ IPL 2024 ਸੀਜ਼ਨ ਵਿੱਚ ਜੇਤੂ ਟੀਮ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਮੈਂਟਰ ਸਨ। ਹਾਲਾਂਕਿ ਉਨ੍ਹਾਂ ਨੇ ਵੀ ਇਸ ਮਾਮਲੇ ‘ਤੇ ਚੁੱਪ ਵੱਟੀ ਹੋਈ ਹੈ। ਦੋਵਾਂ ਧਿਰਾਂ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ ਪਰ ਲੱਗਦਾ ਹੈ ਕਿ ਬੀਸੀਸੀਆਈ ਕੋਲ ਬਹੁਤ ਮਜ਼ਬੂਤ ਵਿਕਲਪ ਨਹੀਂ ਹੈ।
ਦੂਜੇ ਪਾਸੇ ਕਿਸੇ ਵੱਡੇ ਵਿਦੇਸ਼ੀ ਨਾਂ ਨੇ ਇਸ ਅਹੁਦੇ (Head Coach) ਲਈ ਅਰਜ਼ੀ ਨਹੀਂ ਦਿੱਤੀ ਹੈ ਅਤੇ ਬੋਰਡ ਸਕੱਤਰ ਜੈ ਸ਼ਾਹ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਅਜਿਹੇ ਉਮੀਦਵਾਰ ਦੀ ਭਾਲ ਕਰ ਰਹੇ ਹਨ ਜੋ ਭਾਰਤੀ ਕ੍ਰਿਕਟ ਦੇ ਘਰੇਲੂ ਢਾਂਚੇ ਤੋਂ ਚੰਗੀ ਤਰ੍ਹਾਂ ਜਾਣੂ ਹੋਵੇ। ਬੀਸੀਸੀਆਈ ਦੀ ਨਜ਼ਰ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਵੀਵੀਐਸ ਲਕਸ਼ਮਣ ‘ਤੇ ਸੀ ਪਰ ਹੈਦਰਾਬਾਦ ਦੇ ਸਟਾਈਲਿਸ਼ ਸਾਬਕਾ ਕ੍ਰਿਕਟਰ ਨੂੰ ਫੁੱਲ-ਟਾਈਮ ਅਹੁਦੇ ‘ਤੇ ਕੋਈ ਦਿਲਚਸਪੀ ਨਹੀਂ ਜਾਪਦੀ।
ਜਿੱਥੇ ਕੇਕੇਆਰ ਦੇ ਸਾਰੇ ਮੈਂਬਰ ਸਨਰਾਈਜ਼ਰਸ ਹੈਦਰਾਬਾਦ ਦੇ ਖ਼ਿਲਾਫ਼ ਖਿਤਾਬੀ ਜਿੱਤਣ ਤੋਂ ਬਾਅਦ ਟੀਮ ਦੇ ਮੈਂਟਰ ਗੌਤਮ ਗੰਭੀਰ ਨੇ ਮੈਚ ਤੋਂ ਬਾਅਦ ਬੀਸੀਸੀਆਈ ਸਕੱਤਰ ਜੈ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ, ਜਿਸ ਕਾਰਨ ਗੰਭੀਰ ਦੇ ਭਾਰਤੀ ਟੀਮ ਦਾ ਕੋਚ ਬਣਨ ਦੀਆਂ ਅਟਕਲਾਂ ਫਿਰ ਤੋਂ ਸ਼ੁਰੂ ਹੋ ਗਈਆਂ ਸਨ।