Site icon TheUnmute.com

ਪਿੰਡ ਰੋਡੇ ਦੇ ਪ੍ਰਵਾਸੀ ਪੰਜਾਬੀ ਪਰਿਵਾਰ ਦੀ ਨਾਜਾਇਜ਼ ਕਬਜ਼ੇ ਹੇਠ ਜ਼ਮੀਨ ਛੁਡਾਈ ਜਾਵੇਗੀ: ਕੁਲਦੀਪ ਸਿੰਘ ਧਾਲੀਵਾਲ

Kuldeep Singh Dhaliwal

ਬਾਘਾਪੁਰਾਣਾ/ਮੋਗਾ 29 ਦਸੰਬਰ 2022: ਪਿੰਡ ਰੋਡੇ ਦੇ ਯੂਕੇ ਵਸਦੇ ਪ੍ਰਵਾਸੀ ਪੰਜਾਬੀ ਪਰਿਵਾਰ ਨੂੰ ਹੁਣ ਆਸ ਬੱਝ ਗਈ ਹੈ ਕਿ ਉਹਨਾਂ ਦੀ ਨਜਾਇਜ਼ ਕਬਜ਼ੇ ਹੇਠ ਜ਼ਮੀਨ ਨੂੰ ਛੁਡਾ ਕੇ ਜਲਦ ਹੀ ਉਹਨਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਸ ਮਾਮਲੇ ਵਿਚ ਅੱਜ ਪੰਜਾਬ ਦੇ ਪ੍ਰਵਾਸੀ ਪੰਜਾਬੀ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਰੋਡੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਹਰ ਸੰਭਵ ਕਾਨੂੰਨੀ ਚਾਰਾਜੋਈ ਕਰੇਗੀ।

ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਹਰੇਕ ਅਧਿਕਾਰੀ ਅਤੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਪਿੰਡ ਰੋਡੇ ਵਿਖੇ ਸਬੰਧਤ ਜ਼ਮੀਨ ਅਤੇ ਮਕਾਨ ਦਾ ਮੌਕਾ ਦੇਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਯੂ ਕੇ ਵਾਸੀ ਸਵਰਗੀ ਹਰਨਾਮ ਸਿੰਘ ਅਤੇ ਉਹਨਾਂ ਦੀ ਪਤਨੀ ਜਸਪਾਲ ਕੌਰ ਦੀ 17.5 ਏਕੜ ਜ਼ਮੀਨ ਅਤੇ ਜੱਦੀ ਘਰ ਉੱਤੇ ਪਿੰਡ ਦੇ ਹੀ ਇੱਕ ਰਸੂਖਦਾਰ ਪਰਿਵਾਰ ਵੱਲੋਂ ਕਥਿਤ ਤੌਰ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਹ ਕਬਜ਼ਾ ਕਰਾਉਣ ਵਿੱਚ ਸਾਲ 2019 ਵਿੱਚ ਤਹਿਸੀਲ ਬਾਘਾਪੁਰਾਣਾ ਵਿਖੇ ਤਾਇਨਾਤ ਰਹੇ ਕੁਝ ਸਰਕਾਰੀ ਅਧਿਕਾਰੀ ਵੀ ਸ਼ਾਮਲ ਰਹੇ ਹਨ।

ਉਹਨਾਂ ਕਿਹਾ ਕਿ ਪੀੜਤ ਪਰਿਵਾਰ ਆਪਣੀ ਜ਼ਮੀਨ ਛੁਡਵਾਉਣ ਲਈ ਪਿਛਲੀ ਸਰਕਾਰ ਦੌਰਾਨ ਦਰ ਦਰ ਭਟਕਦਾ ਰਿਹਾ ਪਰ ਉਸਦੀ ਬਾਂਹ ਕਿਸੇ ਨੇ ਵੀ ਨਹੀਂ ਫੜੀ। ਅੰਤ ਯੂ ਕੇ ਵਾਸੀ ਹਰਨਾਮ ਸਿੰਘ ਜਹਾਨੋਂ ਰੁਖ਼ਸਤ ਹੋ ਗਿਆ। ਹੁਣ ਉਹਨਾਂ ਦੇ ਰਿਸ਼ਤੇਦਾਰ ਸ੍ਰ ਸੁਰਜੀਤ ਸਿੰਘ ਵੱਲੋਂ ਇਹ ਲੜਾਈ ਲੜੀ ਜਾ ਰਹੀ ਹੈ।

ਉਹਨਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿਚ ਕਾਨੂੰਨੀ ਚਾਰਾਜੋਈ ਕਰਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਪੀੜਤ ਪਰਿਵਾਰ ਨੂੰ ਆਪਣੀ ਜ਼ਮੀਨ ਅਤੇ ਘਰ ਵਾਪਿਸ ਮਿਲ ਜਾਣ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਸ਼ਾਮਿਲ ਹਰੇਕ ਅਧਿਕਾਰੀ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਭਾਵੇਂਕਿ ਉਹਨਾਂ ਵਿਚੋਂ ਕੁਝ ਸੇਵਾਮੁਕਤ ਹੀ ਕਿਉਂ ਨਾ ਹੋ ਗਏ ਹੋਣ। ਉਹਨਾਂ ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੂੰ ਹਦਾਇਤ ਕੀਤੀ ਕਿ ਪੀੜਤ ਪਰਿਵਾਰ ਨੂੰ ਉਹਨਾਂ ਦੇ ਘਰ ਦਾ ਕਬਜ਼ਾ ਅਗਲੇ ਦੋ ਦਿਨਾਂ ਵਿੱਚ ਦਿਵਾਇਆ ਜਾਵੇ।

ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪ੍ਰਵਾਸੀ ਪੰਜਾਬ ਜੋ ਵਿਦੇਸ਼ ਵਿੱਚ ਬੈਠਾ ਹੈ ਅਤੇ ਉਸਦਾ ਪੰਜਾਬ ਨਾਲ ਸਬੰਧਤ ਕੋਈ ਵੀ ਮਾਮਲਾ ਪੈਡਿੰਗ ਹੈ ਤਾਂ ਇਹ ਜ਼ਰੂਰੀ ਨਹੀਂ ਉਹ ਨਿੱਜੀ ਤੌਰ ਤੇ ਪੰਜਾਬ ਆ ਕੇ ਸਾਡੇ ਅੱਗੇ ਪੇਸ਼ ਹੋ ਕੇ ਆਪਣੇ ਮਸਲੇ ਦੇ ਹੱਲ ਲਈ ਫਰਿਆਦ ਕਰਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਪਿੰਡਾਂ ਵਿੱਚ ਰਹਿੰਦੇ ਆਪਣੇ ਸਾਕ ਸਬੰਧੀਆਂ ਰਾਹੀਂ ਆਪਣੀਆਂ ਦਰਖਾਸਤਾਂ ਸਾਡੇ ਸਾਹਮਣੇ ਪੇਸ਼ ਕਰ ਸਕਦੇ ਹਨ ਅਤੇ ਸਰਕਾਰ ਮਿੱਥੇ ਸਮੇਂ ਵਿੱਚ ਉਨ੍ਹਾਂ ਦੇ ਮਸਲਿਆਂ ਦਾ ਨਿਪਟਾਰਾ ਕਰੇਗੀ।

ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਨ.ਆਰ.ਆਈਜ਼ ਦੇ ਕੇਸਾਂ ਲਈ ਵਿਸ਼ੇਸ਼ ਫਾਸਟ ਟਰੈਕ ਕੋਰਟਾਂ ਦੀ ਸਥਾਪਨਾ ਛੇਤੀ ਤੋਂ ਛੇਤੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੇ ਮਾਮਲੇ ਘੱਟੋ-ਘੱਟ ਸਮੇਂ ਵਿੱਚ ਨਿਪਟਾਏ ਜਾ ਸਕਣ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਬੱਚ ਸਕੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਜ਼ਿਲ੍ਹਾ ਪੱਧਰ ’ਤੇ ਮਸਲਿਆਂ ਦੀ ਸੁਣਵਾਈ ਲਈ ਪੰਜਾਬ ਸਰਕਾਰ ਵਲੋਂ ਨੋਡਲ ਅਫ਼ਸਰ ਨਿਯੁਕਤ ਕੀਤੇ ਜਾ ਰਹੇ ਹਨ ਜਿਹੜੇ ਸਿਰਫ਼ ਐਨ.ਆਰ.ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਆਦਿ ਦਾ ਸਮੇਂ ਸਿਰ ਢੁਕਵੇਂ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣਗੇ।

ਉਹਨਾਂ ਕਾਂਗਰਸੀ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਤਕੜੇ ਹੱਥੀਂ ਲੈਂਦਿਆਂ ਕਿਹਾ ਕਿ ਉਹਨਾਂ ਦੇ ਸਰਕਾਰ ਨੇ ਪ੍ਰਵਾਸੀ ਪੰਜਾਬੀ ਪਰਿਵਾਰਾਂ ਦੀਆਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਦੀ ਬਿਜਾਏ ਚੋਰਾਂ ਦਾ ਸਾਥ ਦਿੱਤਾ। ਹੁਣ ਇਹਨਾਂ ਨੂੰ ਆਪ ਸਰਕਾਰ ਦੀ ਨੁਕਤਾਚੀਨੀ ਕਰਨ ਦੀ ਬਿਜਾਏ ਪੀੜਤ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨਾਲ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਧੀਕ ਪੁਲਿਸ ਮੁਖੀ ਪੀ ਕੇ ਸਿਨਹਾ, ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ, ਐੱਸ ਡੀ ਐੱਮ ਰਾਮ ਸਿੰਘ, ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਅਤੇ ਹੋਰ ਹਾਜ਼ਰ ਸਨ।

Exit mobile version