ਚੰਡੀਗੜ੍ਹ, 23 ਨਵੰਬਰ 2023: ਖੇਲੋ ਇੰਡੀਆ (Khelo India) ਪੈਰਾ ਖੇਡਾਂ ਦੀ ਸ਼ੁਰੂਆਤ 10 ਤੋਂ 17 ਦਸੰਬਰ ਤੱਕ ਦਿੱਲੀ ਵਿੱਚ ਹੋਵੇਗੀ, ਜਿਸ ਵਿੱਚ 32 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1350 ਤੋਂ ਵੱਧ ਅਥਲੀਟ ਸੱਤ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਟੂਰਨਾਮੈਂਟ ਦੇਸ਼ ਦੇ ਪੈਰਾ ਸਪੋਰਟਸ ਲਈ ‘ਗੇਮ ਚੇਂਜਰ’ ਸਾਬਤ ਹੋਵੇਗਾ।
ਅਨੁਰਾਗ ਠਾਕੁਰ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ‘ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਹਿਲੀਆਂ ਖੇਲੋ ਇੰਡੀਆ (Khelo India) ਪੈਰਾ ਖੇਡਾਂ 10 ਤੋਂ 17 ਦਸੰਬਰ ਤੱਕ ਨਵੀਂ ਦਿੱਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਕਰਵਾਈਆਂ ਜਾਣਗੀਆਂ। ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਤਿੰਨ ਸਟੇਡੀਅਮਾਂ ਵਿੱਚ ਕੁੱਲ ਸੱਤ ਈਵੈਂਟ ਖੇਡੇ ਜਾਣਗੇ। ਇਹ ਸੱਤ ਈਵੈਂਟ ਪੈਰਾ ਐਥਲੈਟਿਕਸ, ਪੈਰਾ ਸ਼ੂਟਿੰਗ, ਪੈਰਾ ਤੀਰਅੰਦਾਜ਼ੀ, ਪੈਰਾ ਫੁੱਟਬਾਲ, ਪੈਰਾ ਬੈਡਮਿੰਟਨ, ਪੈਰਾ ਟੇਬਲ ਟੈਨਿਸ ਅਤੇ ਪੈਰਾ ਵੇਟ ਲਿਫਟਿੰਗ ਹਨ।
ਇਹ ਖੇਡਾਂ ਦਿੱਲੀ ਦੇ 3 ਸਟੇਡੀਅਮਾਂ ਵਿੱਚ ਹੋਣਗੀਆਂ
ਇਹ ਮੁਕਾਬਲਾ ਸਾਈ ਦੇ ਤਿੰਨ ਸਟੇਡੀਅਮਾਂ, ਆਈਜੀ ਸਟੇਡੀਅਮ, ਤੁਗਲਕਾਬਾਦ ਸ਼ੂਟਿੰਗ ਰੇਂਜ ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਖੇਡਿਆ ਜਾਵੇਗਾ।