Site icon TheUnmute.com

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜਾਬ ਸਰਕਾਰ ਨੂੰ 24 ਘੰਟਿਆਂ ‘ਚ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਦਿੱਤਾ ਅਲਟੀਮੇਟਮ

ਸ੍ਰੀ ਅਕਾਲ ਤਖ਼ਤ ਸਾਹਿਬ

ਅੰਮ੍ਰਿਤਸਰ, 27 ਮਾਰਚ 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਵਿਸ਼ੇਸ਼ ਇਕੱਤਰਤਾ ਸੱਦੀ, ਜਿਸ ਵਿੱਚ ਤਕਰੀਬਨ 60 ਤੋਂ 70 ਦੇ ਕਰੀਬ ਚੋਣਵੀਆਂ ਸਿੱਖ ਜਥੇਬੰਦੀਆਂ ਸੰਪ੍ਰਦਾਵਾਂ/ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨ ਨੂੰ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ |

ਭਾਵੇਂ ਜਥੇਦਾਰ ਵੱਲੋਂ ਇਸ ਇਕੱਤਰਤਾ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਨਹੀਂ ਹੋਣ ਦਾ ਕਿਹਾ ਸੀ ਪਰ ਫਿਰ ਵੀ ਗੁਰਦੁਆਰਾ ਚੋਣਾਂ ਲੜਣ ਵਾਲੀਆਂ ਪਾਰਟੀਆਂ ਦੇ ਨੁਮਾਇੰਦੇ ਅਤੇ ਮੈਂਬਰ ਸ਼ਾਮਲ ਹੋਏ | ਇਸ ਦੌਰਾਨ ਜਥੇਦਾਰ ਨੇ ਪੰਜਾਬ ਸਰਕਾਰ ਨੂੰ ਨੌਜਵਾਨਾਂ ਨੂੰ 24 ਘੰਟਿਆਂ ‘ਚ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਹੀਂ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਪੰਥ ਲਈ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ |

ਇਸ ਦੌਰਾਨ ਮੀਟਿੰਗ ਵਿੱਚ ਤਿੰਨ ਘੰਟੇ ਤੱਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕਈ ਅਹਿਮ ਫੈਸਲੇ ਲਏ ਗਏ ਹਨ | ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਨੈਸ਼ਨਲ ਮੀਡੀਆ ਦੇ ਉੱਤੇ ਸਿੱਖਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਕਿਹਾ ਜਾ ਰਿਹਾ ਹੈ ਉਨ੍ਹਾਂ ‘ਤੇ ਕਾਰਵਾਈ ਵੀ ਕੀਤੀ ਜਾਵੇਗੀ | ਜਿਕਰਯੋਗ ਹੈ ਕਿ ਜਥੇਦਾਰ ਨੇ ਸਿੱਖ ਸੰਗਤਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਆਪਣੇ ਲਿਖਤੀ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਈ-ਮੇਲ ਆਈਡੀ ‘ਤੇ ਵੀ ਮੰਗੇ ਸਨ।

Exit mobile version