Site icon TheUnmute.com

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੇਵਾਪੰਥੀ ਅੱਡਣਸ਼ਾਹੀ ਡੇਰੇ ਮਾਮਲੇ ਦੀ ਘੋਖ ਵਾਸਤੇ 7 ਮੈਂਬਰੀ ਕਮੇਟੀ ਬਣਾਈ

Giani Harpreet Singh

ਅੰਮ੍ਰਿਤਸਰ, 9 ਫਰਵਰੀ, 2023: ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਨੇ ਕਿਹਾ ਹੈ ਕਿ ਸੇਵਾਪੰਥੀ ਅੱਡਣਸ਼ਾਹੀ, ਸਭਾ (ਰਜਿ.) ਦੇ ਸੰਤਾਂ-ਮਹੰਤਾਂ ਵੱਲੋਂ ਸਾਂਝੇ ਰੂਪ ਵਿਚ ਸੇਵਾਪੰਥੀ ਅਸਥਾਨ ਡੇਰਾ ਗਿਆਨੀ ਅਮੀਰ ਸਿੰਘ, ਟਕਸਾਲ ਭਾਈ ਮਨੀ ਸਿੰਘ, ਸਤੋਵਾਲੀ ਵਾਲੀ ਗਲੀ, ਸ੍ਰੀ ਅੰਮ੍ਰਿਤਸਰ ਸਬੰਧੀ ਪਿਛਲੇ ਦਿਨੀਂ ਛਿੜੇ ਵਿਵਾਦ ਦੀ ਪੁੱਜੀ ਸ਼ਿਕਾਇਤ ਦੇ ਅਧਾਰ ‘ਤੇ ਸਿੰਘ ਸਾਹਿਬ ਵੱਲੋਂ ਉਕਤ ਮਾਮਲੇ ਦੀ ਘੋਖ ਪੜਤਾਲ ਕਰਨ ਲਈ ਹੇਠ ਲਿਖੇ ਅਨੁਸਾਰ ਸੱਤ ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ, ਜੋ ਪੂਰੇ ਮਾਮਲੇ ਦੀ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇਗੀ।

ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵੱਲੋਂ ਅੰਤਿਮ ਫੈਸਲੇ ਆਉਣ ਤੱਕ ਕਿਸੇ ਵੀ ਧਿਰ ਵੱਲੋਂ ਦਸਤਾਰਬੰਦੀ ਦੀ ਰਸਮ ਅਦਾ ਨਹੀਂ ਕੀਤੀ ਜਾਵੇਗੀ।ਅੰਤਿਮ ਅਰਦਾਸ ਮੌਕੇ ਭੋਗ ਪਾਏ ਜਾਣਗੇ ਉਪਰੰਤ ਕਥਾ, ਕੀਰਤਨ ਤੇ ਸਿਰਫ ਗੁਰਮਤਿ ਵਿਚਾਰਾਂ ਹੀ ਹੋਣਗੀਆਂ।ਇਸ ਸਮਾਗਮ ਦੌਰਾਨ ਦੋਨਾਂ ਧਿਰਾਂ ਤਕਰਾਰਬਾਜੀ ਕਰਨ ਤੋਂ ਗੁਰੇਜ ਕਰਨਗੀਆਂ।

ਕਮੇਟੀ ਮੈਂਬਰਾਂ ਵਿਚ ਸਿੰਘ ਸਾਹਿਬ ਗਿ: ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਬਾਬਾ ਸਰਬਜੋਤ ਸਿੰਘ ਬੇਦੀ, ਊਨਾ ਸਾਹਿਬ,ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਨਿਰਮਲੇ ਤਪੋਬਨ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ, ਮਹੰਤ ਚਮਕੌਰ ਸਿੰਘ ਸੇਵਾ ਪੰਥੀ ਜਨਰਲ ਸਕੱਤਰ ਸੇਵਾਪੰਥੀ ਅੱਡਣਸ਼ਾਹੀ, ਸ੍ਰੀ ਅੰਮ੍ਰਿਤਸਰ, ਮਹੰਤ ਸੁਰਿੰਦਰ ਸਿੰਘ ਸਕੱਤਰ ਸੇਵਾਪੰਥੀ ਅੱਡਣਸ਼ਾਹੀ, ਡੇਰਾ ਮਿੱਠਾ ਟਿਵਾਣਾ, ਸ੍ਰੀ ਅੰਮ੍ਰਿਤਸਰ,ਸੰਤ ਬਾਬਾ ਤੇਜਾ ਸਿੰਘ ਪ੍ਰਧਾਨ ਪ੍ਰਾਚੀਨ ਦੁਆਵਾਂ, ਨਿਰਮਲ ਮਹਾਂ ਮੰਡਲ, ਨਿਰਮਲ ਡੇਰਾ ਖੁੱਡਾ ਕਲਾਂ, ਹੁਸ਼ਿਆਰਪੁਰ ਅਤੇ ਗੁਰਮੀਤ ਸਿੰਘ (ਕੋਆਰਡੀਨੇਟਰ) ਆਨਰੇਰੀ ਸਕੱਤਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸ਼ਾਮਲ ਕੀਤੇ ਗਏ ਹਨ।

Exit mobile version