July 5, 2024 12:15 pm
Central Jail Patiala

ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ‘ਤੇ ਕੈਦੀਆਂ ਨੇ ਕੀਤਾ ਹਮਲਾ

ਚੰਡੀਗੜ੍ਹ 20 ਜੁਲਾਈ 2022: ਪਟਿਆਲਾ ਦੀ ਕੇਂਦਰੀ ਜੇਲ੍ਹ (Central Jail Patiala) ਇਕ ਵਾਰ ਫਿਰ ਸੁਰਖੀਆਂ ‘ਚ ਹੈ | ਇਸ ਦੌਰਾਨ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਹ ਹਮਲਾ ਉਸ ਵੇਲੇ ਹੋਇਆ ਜਦੋਂ ਜੇਲ੍ਹ ‘ਚ ਬੰਦ ਕੈਦੀ ਤੋਂ ਡਰਾ ਧਮਕਾ ਕੇ ਪੈਸੇ ਲੈਣ ਸਬੰਧੀ ਸ਼ਿਕਾਇਤ ਮਿਲਣ ’ਤੇ ਪੜਤਾਲ ਕਰਨ ਲਈ ਅਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਸਹਾਇਕ ਸੁਪਰਡੈਂਟ ਅਮਰਵੀਰ ਤੇ ਹੋਰ ਮੁਲਾਜ਼ਮਾਂ ਨਾਲ ਬੈਰਕ ਵਿੱਚ ਪਹੁੰਚੇ ਤਾਂ ਜੇਲ੍ਹ ‘ਚ ਬੰਦ ਕੈਦੀਆਂ ਨੇ ਸਹਾਇਕ ਸੁਪਰਡੈਂਟ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ | ਇਸ ਹਮਲੇ ਨਾਲ ਸਹਾਇਕ ਸੁਪਰਟੈਂਡ ਅਮਰਵੀਰ ਜ਼ਖ਼ਮੀ ਹੋ ਗਏ।

ਇਸਦੇ ਨਾਲ ਹੀ ਹਵਾਲਾਤੀ ਅਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਸੁਖਦੀਪ ਸਿੰਘ ਅਤੇ ਜਗਦੀਪ ਸਿੰਘ ‘ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ 307, 353, 186, 332, 506, 148 ਤੇ149 ਦੇ ਤਹਿਤ ਪਟਿਆਲਾ ਦੇ ਤ੍ਰਿਪੜੀ ਥਾਣੇ ਵਿਚ ਪਰਚਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਹਵਾਲਾਤੀ ਕਰਮਜੀਤ ਸਿੰਘ ਨੇ ਅਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਕੁਝ ਹੋਰ ਹਵਾਲਾਤੀ ਉਸ ਤੋਂ ਫਿਰੌਤੀ ਮੰਗ ਰਹੇ ਹਨ। ਦਰਖ਼ਾਸਤ ਵਿੱਚ ਕਿਹਾ ਗਿਆ ਹੈ ਕਿ ਹਵਾਲਾਤੀ ਗੁਰਦੀਪ ਸਿੰਘ, ਇਕਬਾਲਪ੍ਰੀਤ ਸਿੰਘ, ਬਲਕਾਰ ਸਿੰਘ, ਜਗਦੀਪ ਸਿੰਘ, ਸੁਖਦੀਪ ਸਿੰਘ, ਰਾਜਵੀਰ ਸਿੰਘ ਅਤੇ ਅਮਨਪ੍ਰੀਤ ਸਿੰਘ ਵੱਲੋਂ ਉਸ ਤੋਂ 85 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਸ਼ਿਕਾਇਤਕਰਤਾ ਨੇ ਡਰ ਕਾਰਨ 15 ਹਜ਼ਾਰ ਇਨ੍ਹਾਂ ਮੁਲਜ਼ਮਾਂ ਨੂੰ ਦੇ ਦਿੱਤੇ ਹਨ।