ਚੰਡੀਗੜ੍ਹ 15 ਨਵੰਬਰ 2023: ਵਨਡੇ ਵਿਸ਼ਵ ਕੱਪ (World Cup) ਦੇ ਪਹਿਲੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ ਮੇਜ਼ਬਾਨ ਭਾਰਤ ਨੇ 70 ਦੌੜਾਂ ਨਾਲ ਹਰਾ ਦਿੱਤਾ ਹੈ | ਹੁਣ ਭਾਰਤੀ ਟੀਮ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਫਾਈਨਲ ਖੇਡੇਗੀ। ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਭਾਰਤੀ ਟੀਮ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ | ਇਸ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਗੁਆ ਕੇ 397 ਦੌੜਾਂ ਬਣਾਈਆਂ। ਜਵਾਬ ‘ਚ ਕੀਵੀ ਟੀਮ ਸਾਰੀਆਂ ਵਿਕਟਾਂ ਗੁਆ ਕੇ 327 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ 119 ਗੇਂਦਾਂ ਵਿੱਚ 134 ਦੌੜਾਂ ਬਣਾ ਕੇ ਆਊਟ ਹੋ ਗਏ।
ਭਾਰਤ 12 ਸਾਲ ਬਾਅਦ ਫਾਈਨਲ ‘ਚ ਪਹੁੰਚਿਆ ਹੈ | ਮੁਹੰਮਦ ਸ਼ਮੀ ਨੇ ਸੱਤ ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ | ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਿਸ਼ਵ ਕੱਪ ਵਿੱਚ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਬੁੱਧਵਾਰ (15 ਨਵੰਬਰ) ਨੂੰ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ‘ਚ ਉਸ ਨੇ ਖਤਰਨਾਕ ਗੇਂਦਬਾਜ਼ੀ ਕੀਤੀ ਅਤੇ ਸੱਤ ਵਿਕਟਾਂ ਲਈਆਂ।
ਇਸ ਦੌਰਾਨ ਉਸ ਨੇ ਵਿਸ਼ਵ ਕੱਪ (World Cup) ਵਿੱਚ ਆਪਣੀਆਂ 50 ਵਿਕਟਾਂ ਵੀ ਪੂਰੀਆਂ ਕੀਤੀਆਂ। ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਇਸ ਅੰਕੜੇ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਇਸ ਤੋਂ ਇਲਾਵਾ ਸ਼ਮੀ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰਿਕਾਰਡ ਵੀ ਤੋੜ ਦਿੱਤਾ।