Site icon TheUnmute.com

ਇਲੀਜ਼ੀਬਲ ਗੈਸਟ ਫੈਕਲਟੀ ਨੇ ਮਾਨ ਸਰਕਾਰ ਨੁੂੰ ਲਗਾਈ ਗੁਹਾਰ

Guest Faculty

ਪਟਿਆਲਾ 13 ਦਸੰਬਰ 2022: ਬੀਤੇ ਦਿਨੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਇਲੀਜ਼ੀਬਲ ਗੈਸਟ ਫੈਕਲਟੀ (illegible Guest Faculty)ਨੇ ਪੰਜਾਬ ਸਰਕਾਰ ਵੱਲੋਂ 645 ਲੈਕਚਰਾਰ ਕਾਲਜ ਕੇਡਰ ਦੀ ਭਰਤੀ ਬਾਰੇ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੁੂੰ ਅਪੀਲ ਕਰਦਿਆਂ ਕਿਹਾ ਕਿ ਇਹ ਭਰਤੀ ਪਹਿਲਾਂ ਤੋਂ ਰੈਗੂਲਰ ਪ੍ਰੋਫੈਸਰਾਂ ਦੀ ਤਰ੍ਹਾਂ ਕੰਮ ਕਰਦੇ ਗੈਸਟ ਫੈਕਲਟੀ ਨੁੂੰ ਦਰਕਿਨਾਰ ਕਰਕੇ ਕੀਤੀ ਜਾ ਰਹੀ ਹੈ, ਜੋ ਕਿ ਨਾ-ਮਾਤਰ ਮਾਣਭੱਤੇ ਤੇ ਕੰਮ ਕਰਨ ਵਾਲੇ ਗੈਸਟ ਅਧਿਆਪਕਾਂ ਨਾਲ ਸਰਾਸਰ ਬੇਇਨਸਾਫ਼ੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਲੰਮਾ ਸਮਾਂ ਅਧਿਆਪਕਾਂ ਦੀ ਕੋਈ ਪੱਕੀ ਭਰਤੀ ਨਾ ਹੋ ਸਕੀ। ਜੇਕਰ ਕਦੇ ਭਰਤੀ ਹੋਈ ਤਾਂ ਸਿਰੇ ਨਾ ਚੜ੍ਹ ਸਕੀ। ਅਜਿਹੇ ਵਿਚ ਸਰਕਾਰੀ ਕਾਲਜਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਮਹਿਜ਼ 5-7 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤੇ ‘ਤੇ ਗੈਸਟ ਅਧਿਆਪਕ ਰੱਖੇ ਗਏ, ਜਿਹਨਾਂ ਪੱਕੇ ਹੋਣ ਦੀ ਆਸ ਵਿਚ ਰੈਗੂਲਰ ਪ੍ਰੋਫੈਸਰ ਦੀ ਤਰ੍ਹਾਂ ਪੜਾਈ ਦੇ ਨਾਲ-ਨਾਲ ਕਾਲਜ ਦੀਆਂ ਹੋਰ ਸਾਰੀਆਂ ਜਿੰਮੇਵਾਰੀਆਂ/ਡਿਊਟੀਆਂ ਤਨਦੇਹੀ ਨਾਲ ਨਿਭਾ ਕੇ ਸਰਕਾਰੀ ਕਾਲਜਾਂ ਨੁੂੰ ਬੰਦ ਹੋਣੋ ਬਚਾਇਆ।

ਯੂਨੀਅਨ ਦੇ ਪ੍ਰਧਾਨ ਪ੍ਰੋ ਗੁਰਸੇਵ ਸਿੰਘ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਇਲੀਜ਼ੀਬਲ ਗੈਸਟ ਫੈਕਲਟੀ ਨਾਲ ਮਤਰੇਈ ਮਾਂ ਵਾਲ਼ਾ ਸਲੂਕ ਕਰਦੀ ਹੈ ਕਿਉੰਕਿ ਪੰਜਾਬ ਸਰਕਾਰ ਇਕ ਪਾਸੇ ਏਡਿਡ ਕਾਲਜਾਂ ਵਿਚ ਭਰਤੀ ਕੀਤੇ ਸਹਾਇਕ ਪ੍ਰੋਫੈਸਰਾਂ ਨੁੂੰ ਪੱਕਾ ਕਰਦੀ ਰਹੀ ਹੈ ਤੇ ਦੂਜੇ ਪਾਸੇ ਗੈਸਟ ਫੈਕਲਟੀ ਨੁੂੰ ਹਮੇਸ਼ਾ ਅਣਗੌਲ਼ਿਆ ਹੀ ਕੀਤਾ ਜਾਂਦਾ ਰਿਹਾ ਹੈ ਜਦੋਂ ਕਿ ਦੋਵਾਂ ਦੀ ਭਰਤੀ ਪ੍ਰੀਕਿਰਿਆ ਲਗਭਗ ਇਕ ਸਮਾਨ ਹੈ।

ਗੈਸਟ ਅਧਿਆਪਕਾਂ ਦੇ ਮਾਣਭੱਤੇ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਵਾਧੇ ਦੌਰਾਨ ਵੀ ਇਲੀਜ਼ੀਬਿਲਟੀ ਨੁੂੰ ਭੁਲ਼ਾ ਕੇ ਮਹਿਜ਼ ਸਾਲਾਂ ਦੇ ਆਧਾਰਿਤ ਪਾਲਿਸੀ ਬਣਾਈ ਗਈ, ਜਿਸ ਤਹਿਤ ਬਹੁ ਗਿਣਤੀ ਇਲੀਜ਼ੀਬਲ ਗੈਸਟ ਫੈਕਲਟੀ ਸਿਰਫ਼ 33600 ਪ੍ਰਤੀ ਮਹਿਨਾ ਮਾਣਭੱਤਾ ਹੀ ਪ੍ਰਾਪਤ ਕਰੇਗੀ ਜਦੋਂ ਕਿ ਗੁਆਢੀ ਸੂਬੇ ਹਰਿਆਣਾ ਵਿਚ ਇਲੀਜ਼ੀਬਲ ਗੈਸਟ ਫੈਕਲਟੀ ਨੁੂੰ 57,700 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ (ਆਪ ਸੁਪਰੀਮੋ) ਵੱਲੋਂ ਪੰਜਾਬ ਦੇ ਗੇੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਮੌਜੂਦਾ ਸਰਕਾਰ ਹੁਣ ਇਸ ਐਲਾਨ ਤੋਂ ਮੁੱਖ ਮੋੜਦੀ ਦਿਖਾਈ ਦੇ ਰਹੀ ਹੈ।

ਗੈਸਟ ਫੈਕਲਟੀ ਨੇ ਦੱਸਿਆ ਕਿ ਸਰਕਾਰ ਪਹਿਲਾਂ ਤੋਂ ਸਰਕਾਰੀ ਕਾਲਜਾਂ ਵਿਚ ਕੰਮ ਕਰਦੇ ਲੱਗਭਗ 450 ਯੋਗਤਾ ਪ੍ਰਾਪਤ ਕੱਚੇ ਲੈਕਚਰਾਰਾਂ ਨੁੂੰ ਪੱਕਾ ਕਰਨ ਦੀ ਥਾਂ ਨਵੀਂ ਭਰਤੀ ਕਰਕੇ ਉਚੇਰੀ ਸਿੱਖਿਆ ਦੇ ਤਾਣੇ-ਬਾਣੇ ਨੁੂੰ ਸੁਲਝਾਉਣ ਦੀ ਥਾਂ ਹੋਰ ਉਲਝਾਉੰਦੀ ਪ੍ਰਤੀਤ ਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਜੇਕਰ ਸਾਡਾ ਕੋਈ ਹੱਲ ਨਾ ਕੀਤਾ ਤਾਂ ਹਮੇਸ਼ਾ ਸਾਡੇ ਸਿਰ ਤੇ ਪੋਸਟਾਂ ਵਾਲੀ ਤਲਵਾਰ ਲਟਕਦੀ ਰਹੇਗੀ ਤੇ ਅਸੀਂ ਆਪਣਾ ਕਾਰਜ-ਕਾਲ ਪੂਰਾ ਕਰਦੇ ਖਾਲ਼ੀਂ ਹੱਥ ਘਰਾਂ ਨੂੰ ਪਰਤਦੇ ਰਹਾਂਗੇ ।

ਉਹਨਾਂ ਮਾਨ ਸਰਕਾਰ ਨੁੂੰ ਗੁਹਾਰ ਲਗਾਈ ਕਿ ਚੋਣਾਂ ਤੋਂ ਪਹਿਲਾਂ ਕੀਤੇ ਐਲਾਨ ਤੇ ਖ਼ਰਾ ਉਤਰਦਿਆਂ ਪਹਿਲ ਦੇ ਆਧਾਰ ‘ਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੁੂੰ ਪੱਕਾ ਕੀਤਾ ਜਾਵੇ ਅਤੇ ਉਸ ਉਪਰੰਤ ਨਿਰੋਲ ਖਾਲ਼ੀ ਆਸਾਮੀਆਂ ਤੇ ਨਵੀਂ ਭਰਤੀ ਕੀਤੀ ਜਾਵੇ। ਇਸ ਮੌਕੇ ਪ੍ਰੋ ਜਸਵਿੰਦਰ ਸਿੱਧੂ, ਪ੍ਰੋ ਰਿਚਾ ਸ਼ੈਲੀ, ਪ੍ਰੋ ਦਵਿੰਦਰ ਕੌਰ, ਪ੍ਰੋ ਹਰਪ੍ਰੀਤ ਸਿੰਘ, ਪ੍ਰੋ ਬਲਕਰਨ ਸਿੰਘ, ਪ੍ਰੋ ਸੁਪ੍ਰੀਤ ਕੌਰ, ਪ੍ਰੋ ਵਿਲੀਅਮਜੀਤ, ਪ੍ਰੋ ਕਮਲਜੀਤ ਕੌਰ, ਪ੍ਰੋ ਨੇਹਾ ਠਾਕੁਰ, ਪ੍ਰੋ ਨਿਸ਼ੂ ਜੈਨ, ਪ੍ਰੋ ਰਣਦੀਪ ਸਿੰਘ, ਪ੍ਰੋ ਗਗਨਦੀਪ ਕੌਰ, ਪ੍ਰੋ ਜਗਦੇਵ ਕੁਮਾਰ, ਪ੍ਰੋ ਮਨਪ੍ਰੀਤ ਕੌਰ, ਪ੍ਰੋ ਰਣਦੀਪ ਲਾਂਬਾ, ਪ੍ਰੋ ਪ੍ਰਦੀਪ ਹਾਜ਼ਰ ਰਹੇ।

Exit mobile version