Site icon TheUnmute.com

ਸਿਹਤ ਵਿਭਾਗ ਵੱਲੋਂ ਹੜ੍ਹ ਦੌਰਾਨ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ

Health Department

ਚੰਡੀਗੜ੍ਹ, 11 ਜੁਲਾਈ 2023: ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਜਾਂ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪਾਣੀ ਇਕੱਠਾ ਹੋਣ ਕਾਰਨ ਅਜਿਹੀਆਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਐਡਵਾਈਜ਼ਰੀ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਹਰ ਸਮੇਂ ਯਤਨਸ਼ੀਲ ਹੈ ਅਤੇ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਲੋਕਾਂ ਨੂੰ ਐਡਵਾਈਜ਼ਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੀਣ ਲਈ ਸਿਰਫ਼ ਸੁਰੱਖਿਅਤ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਤਰਜੀਹੀ ਤੌਰ ‘ਤੇ ਉਬਾਲਿਆ ਹੋਇਆ ਪਾਣੀ ਹੀ ਵਰਤਣਾ ਚਾਹੀਦਾ ਹੈ। ਲਾਗ ਤੋਂ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੈ।

ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ ਹੜ੍ਹ ਦੇ ਪਾਣੀ ਵਿੱਚ ਭਿੱਜੇ ਭੋਜਨ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਲੱਗ ਜਾਂਦੇ ਹਨ, ਤਾਂ ਉਹਨਾਂ ਨੂੰ ਮੈਡੀਕਲ ਕੈਂਪਾਂ ਸਮੇਤ ਸਰਕਾਰੀ ਸਿਹਤ ਸਹੂਲਤਾਂ ਵਿੱਚ ਦਿਖਾਉਣਾ ਚਾਹੀਦਾ ਹੈ ਅਤੇ ਖੁਦ ਇਲਾਜ ਨਹੀਂ ਕਰਨਾ ਚਾਹੀਦਾ। ਜੇਕਰ ਕਿਸੇ ਖੇਤਰ ਵਿੱਚ ਕਿਸੇ ਛੂਤ ਦੀ ਬਿਮਾਰੀ ਦੇ ਵੱਧ ਕੇਸ (ਭਾਵ ਇੱਕੋ ਇਲਾਕੇ ਵਿੱਚ ਛੂਤ ਦੀਆਂ ਬਿਮਾਰੀਆਂ ਦੇ 3 ਤੋਂ ਵੱਧ ਕੇਸ) ਸਾਹਮਣੇ ਆਉਂਦੇ ਹਨ, ਤਾਂ ਤੁਰੰਤ ਨਜ਼ਦੀਕੀ ਸਿਹਤ ਸਹੂਲਤ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।

ਐਡਵਾਈਜ਼ਰੀ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਹੜ੍ਹਾਂ ਦੌਰਾਨ ਦੂਸ਼ਿਤ ਪਾਣੀ ਅਤੇ ਕੀੜੇ-ਮਕੌੜਿਆਂ ਦੇ ਕੱਟਣ ਕਾਰਨ ਆਮਤੌਰ ‘ਤੇ ਚਮੜੀ ਦੀ ਬੈਕਟੀਰੀਅਲ ਲਾਗ ਹੋ ਜਾਂਦੀ ਹੈ ਅਤੇ ਅਜਿਹੇ ਸੰਕਰਮਣ ਨੂੰ ਰੋਕਣ ਲਈ ਲੋਕਾਂ ਨੂੰ ਰਬੜ ਦੇ ਬੂਟ ਅਤੇ ਪੂਰੀ ਬਾਹਾਂ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਕਿਸਮ ਦੇ ਇਲਾਜ ਲਈ ਨਜ਼ਦੀਕੀ ਸਿਹਤ ਸੰਭਾਲ ਸਹੂਲਤ ਵਿੱਚ ਜਾਣਾ ਚਾਹੀਦਾ ਹੈ।

ਵਿਭਾਗ ਵੱਲੋਂ ਹੜ੍ਹਾਂ ਦੇ ਪਾਣੀ ਵਿੱਚ ਨਾ ਵੜਨ ਦੀ ਵੀ ਸਲਾਹ ਦਿੱਤੀ ਗਈ ਹੈ ਕਿਉਂਕਿ ਹੜ੍ਹਾਂ ਦੌਰਾਨ ਸੱਪ ਦਾ ਡੰਗਣਾ ਵੀ ਆਮ ਗੱਲ ਹੈ। ਜੇਕਰ ਤੁਹਾਨੂੰ ਪਾਣੀ ਵਿੱਚ ਦਾਖਲ ਹੋਣ ਦੀ ਲੋੜ ਹੈ, ਤਾਂ ਲੰਬੇ ਬੂਟ ਪਾਓ। ਸੱਪ ਦੇ ਡੰਗਣ ਦੀ ਸਥਿਤੀ ਵਿੱਚ, ਮਰੀਜ਼ ਨੂੰ ਜਲਦ ਤੋਂ ਜਲਦ ਨਜ਼ਦੀਕੀ ਸਿਹਤ ਕੇਂਦਰ ਵਿੱਚ ਲੈ ਜਾਓ।

ਡਾ. ਆਦਰਸ਼ ਪਾਲ ਨੇ ਸਬੰਧਤ ਅਧਿਕਾਰੀਆਂ ਨੂੰ ਵੈਕਟਰ-ਬੋਰਨ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਲਾਰਵੀਸਾਈਡ ਦਾ ਛਿੜਕਾਅ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਅੱਗੇ ਕਿਹਾ ਕਿ ਸੂਬੇ ਦੇ ਮੁੱਖ ਦਫਤਰਾਂ ਦੀ ਟੀਮ ਵੱਲੋਂ ਸਾਰੇ ਕਾਰਜਾਂ ਦੀ ਹਰ ਪਲ ਨਿਗਰਾਨੀ ਕੀਤੀ ਜਾ ਰਹੀ ਹੈ।

 

Exit mobile version