ਚੰਡੀਗੜ੍ਹ 05 ਦਸੰਬਰ 2022: ਰੂਸ ਅਤੇ ਯੂਕਰੇਨ (Ukraine) ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਯੂਕਰੇਨ ਦੇ ਡੋਨੇਟਸਕ ਅਤੇ ਪੋਲਟਾਵਾ ‘ਚ ਧਮਾਕੇ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਬਾਅਦ ਯੂਕਰੇਨ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਖਾਰਕੀਵ ਵਿੱਚ ਧਮਾਕਿਆਂ ਦੀਆਂ ਖਬਰਾਂ ਆਈਆਂ ਸਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਯੂਕਰੇਨ ਦੇ ਜ਼ਿਆਦਾਤਰ ਹਿੱਸਿਆਂ ਲਈ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ‘ਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ ਯੂਕਰੇਨ (Ukraine ਦੇ ਸ਼ਹਿਰ ਕ੍ਰੀਵੀ ਰਿਹ ‘ਤੇ ਰੂਸੀ ਹਮਲੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਮਿਜ਼ਾਈਲਾਂ ਇਕ ਉਦਯੋਗਿਕ ਇਕਾਈ ‘ਤੇ ਦਾਗੀਆਂ ਗਈਆਂ ਹਨ। ਜਿਸ ਵਿੱਚ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।
ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਆਪਣੇ ਦੇਸ਼ ਵਾਸੀਆਂ ਨੂੰ ਸਰਦੀਆਂ ਦੌਰਾਨ ਇਕਜੁੱਟ ਰਹਿਣ ਲਈ ਕਿਹਾ ਹੈ । ਐਤਵਾਰ ਨੂੰ ਇੱਕ ਵੀਡੀਓ ਸੰਬੋਧਨ ਵਿੱਚ, ਜ਼ੇਲੇਂਸਕੀ ਨੇ ਕਿਹਾ ਕਿ ਰੂਸ ਯੂਕਰੇਨ ਦੇ ਖਿਲਾਫ ਕਾਰਵਾਈ ਕਰਨ ਲਈ ਸਰਦੀਆਂ ਦਾ ਫਾਇਦਾ ਉਠਾਉਣ ਦਾ ਇਰਾਦਾ ਰੱਖਦਾ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਇਸ ਸਰਦੀ ਨੂੰ ਸਹਿਣ ਲਈ ਹਰ ਸੰਭਵ ਯਤਨ ਕਰਨ ਦੀ ਲੋੜ ਹੈ, ਭਾਵੇਂ ਇਹ ਕਿੰਨੀ ਵੀ ਔਖੀ ਕਿਉਂ ਨਾ ਹੋਵੇ।