Site icon TheUnmute.com

ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰ ਰਹੀ ਹੈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ: ਡਾ. ਬਲਬੀਰ ਸਿੰਘ

ਰੰਗਲਾ ਪੰਜਾਬ

ਪਟਿਆਲਾ, 10 ਅਪ੍ਰੈਲ 2023: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੇਖਕ ਅਤੇ ਕਵੀ ਸਮਾਜ ਦੀ ਰੂਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਵਿਚ ਲੇਖਕਾਂ, ਚਿੰਤਕਾਂ, ਕਵੀਆਂ, ਕਲਾਕਾਰਾਂ, ਪੱਤਰਕਾਰਾਂ, ਹੋਰ ਪ੍ਰੋਫੈਸ਼ਨਲਾਂ ਵਿਚ ਬਹੁਤ ਵੱਡਾ ਵਿਸ਼ਵਾਸ਼ ਜਤਾਇਆ ਹੈ। ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਿਚੋਂ ਵੱਡੀ ਗਿਣਤੀ ਵਿਚ ਵਿਧਾਇਕ ਇਸੇ ਤਰ੍ਹਾਂ ਦੇ ਹਨ। ਲੇਖਕਾਂ ਅਤੇ ਕਵੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਲੇਖਕ ਅਤੇ ਕਲਾਕਾਰ ਹਨ। ਇਹੀ ਕਾਰਨ ਹੈ ਕਿ ਇਹ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ।

ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਇਥੇ ਉਤਰੀ ਖੇਤਰ ਸੱਭਿਆਚਾਰਕ ਕੇਂਦਰ (ਐਨ. ਜੈਡ. ਸੀ. ਸੀ.) ਦੇ ਕਾਲੀਦਾਸ ਆਡੀਟੋਰੀਅਮ ਵਿਖੇ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਅਤੇ ਐਨ. ਜੈਡ. ਸੀ. ਸੀ. ਵਲੋਂ ਆਯੋਜਿਤ ਕਵੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਕੁਆਲਟੀ ਵਾਲੀ ਅਤੇ ਸਸਤੀ ਸਿੱਖਿਆ, ਵਧੀਆ ਅਤੇ ਸਸਤਾ ਇਲਾਜ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਮਿਲੇ, ਇਸ ਦਿਸ਼ਾ ਵਿਚ ਸਰਕਾਰ ਕੰਮ ਕਰ ਰਹੀ ਹੈ।

ਇਸ ਮੌਕੇ ਉਨ੍ਹਾਂ ਪੰਜਾਬ ਰਾਈਟਰਜ਼ ਐਂਡ ਕਲਚਰਡ ਫੋਰਮ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੇਖਕਾਂ, ਸਾਹਿਤਕਾਰਾਂ, ਪੱਤਰਕਾਰਾਂ ਦੇ ਸ਼੍ਰੋਮਣੀ ਐਵਾਰਡ ਰਹਿੰਦੇ ਹਨ, ਉਹ ਜਲਦੀ ਤੋਂ ਜਲਦੀ ਦਵਾਉਣ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ। ਪਿਛਲੀਆਂ ਸਰਕਾਰਾਂ ਇਹ ਐਵਾਰਡ ਨਹੀਂ ਦੇ ਕੇ ਗਈਆਂ।

ਉਨ੍ਹਾਂ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਅਤੇ ਨੋਰਥ ਜ਼ੋਨ ਕਲਚਰ ਸੈਂਟਰ ਵਲੋਂ ਪਟਿਆਲਾ ਵਿਖੇ ਇੰਨਾ ਸ਼ਾਨਦਾਰ ਆਯੋਜਨ ਕਰਨ ’ਤੇ ਫੋਰਮ ਦਾ ਧੰਨਵਾਦ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ। ਅਸੀਂ ਉਸ ਨੁਕਸਾਨ ਦੀ ਪੂਰਤੀ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ। ਪੰਜਾਬ ਦਾ ਹਵਾ ਪਾਣੀ ਪ੍ਰਦੂਸ਼ਣ ਮੁਕਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ।

ਜਿਸ ਤਰ੍ਹਾਂ ਦਾ ਪੰਜਾਬ ਅੱਜ ਤੋਂ 50 ਸਾਲ ਪਹਿਲਾਂ ਸੀ, ਉਸ ਤਰ੍ਹਾਂ ਦਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਵਾਤਾਵਰਣ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਸਮੂਹ ਪੰਜਾਬ ਅਤੇ ਖਾਸ ਕਰਕੇ ਲੇਖਕ, ਚਿੰਤਕ, ਕਵੀ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰ ਰਹੀ ਹੈ।

ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਸਿੰਘ ਪੰਨੂ ਨੇ ਖੁੱਦ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਬਲਤੇਜ ਪੰਨੂ ਨੇ ਮੌਜੂਦਾ ਰਾਜਨੀਤਕ ਅਤੇ ਸਮਾਜਿਕ ਹਾਲਾਤਾਂ ’ਤੇ ਆਪਣੀ ਗਜ਼ਲ ਅਤੇ ਨਜ਼ਮਾਂ ਪੇਸ਼ ਕੀਤੀਆਂ। ਸ. ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦੀ ਲੁੱਟ ਖਸੁੱਟ ਰੋਕੀ ਜਾ ਰਹੀ ਹੈ।

ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਾਂ ਤੋਂ ਬੇਹੱਦ ਖੁਸ਼ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਸਿੰਘ ਗਿੱਲ ਨੇ ਆਪਣੀ ਪੇਸ਼ਕਾਰੀ ‘ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ’ ਸੁਣਾਈ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ।

ਮੰਚ ਦੇ ਪ੍ਰਧਾਨ ਦੇਵੀ ਦਿਆਲ ਗੋਇਲ, ਸਕੱਤਰ ਜਨਰਲ ਅਤੇ ਭਾਸਾ ਵਿਭਾਗ ਦੇ ਸਾਬਕਾ ਨਿਰਦੇਸਕ ਡਾ. ਮਦਨ ਲਾਲ ਹਸੀਜਾ ਅਤੇ ਉਪ ਪ੍ਰਧਾਨ ਪਿ੍ਰੰਸੀਪਲ ਵਿਵੇਕ ਤਿਵਾੜੀ ਦੀ ਅਗਵਾਈ ਹੇਠ ਆਯੋਜਿਤ ਇਹ ਕਵੀ ਸੰਮੇਲਨ ਜਿਥੇ ਪਟਿਆਲਾਵੀਆਂ ਲਈ ਯਾਦਗਾਰੀ ਹੋ ਨਿਬੜਿਆ ਉਥੇ ਹੀ ਸਾਰੇ ਉਘੇ ਕਵੀ ਨੇ ਸਰੋਤਿਆਂ ਦੇ ਸੁਹਜ ਅਤੇ ਕਾਵਿ ਕਲਾ ਨੂੰ ਮਾਨਣ ਦੀ ਸਮਰੱਥਾ ਦੀ ਦਿਲ ਖੋਲਕੇ ਤਾਰੀਫ ਕੀਤੀ।

ਗੁਰਭਜਨ ਗਿੱਲ ਹੋਰਾਂ ਨੇ ਜਿੱਥੇ ਆਪਣੀ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਸਰਸਾਰ ਕੀਤਾ ਉੱਥੇ ਹੀ ਹਾਸ ਰਸ ਭਰਪੂਰ ਸਾਹਿਤਿਕ ਕਿੱਸੇ ਸੁਣਾਕੇ ਖੂਬ ਮਨੋਰੰਜਨ ਵੀ ਕੀਤਾ। ਕਵੀ ਸਤੀਸ ਵਿਦਰੋਹੀ ਨੇ ਹਾਸ-ਰਸ ਨਾਲ ਕਵੀ ਸੰਮੇਲਨ ਦੀ ਕਰਦਿਆਂ ਪੁਆਧੀ ਭਾਸਾ ਵਿੱਚ ਰਚਨਾਵਾਂ ਪੇਸ ਕਰਦਿਆਂ ਸਰੋਤਿਆਂ ਦੀ ਖੂਬ ਵਾਹਵਾਹੀ ਖੱਟੀ।

ਤ੍ਰਿਲੋਚਨ ਲੋਚੀ ਨੇ ‘ਮੈਨੂੰ ਪਰਖਣ ਆਏ ਸੀ ਜੋ ਚਾਂਵਾਂ ਨਾਲ, ਝੂੰਮਣ ਲੱਗੇ ਮੇਰੀਆਂ ਹੀ ਕਵੀਤਾਵਾਂ ਨਾਲ, ਨਿੱਤ ਬੁਝਾਉਣ ਉਹ ਦੀਵੇ ਮੈਂ ਫਿਰ ਬਾਲ ਦਿਆਂ, ਅੱਜ ਕੱਲ ਮੇਰਾ ਇੱਟ ਖੜਿੱਕਾ ‘ਵਾਂਵਾਂ ਨਾਲ’ ਨਾਲ ਆਪਣੇ ਕਲਾਮ ਦੀ ਸੁਰੂਆਤ ਕਰਕੇ ਮਹਿਫਿਲ ਨੂੰ ਇੱਕ ਗੰਭੀਰ ਰੰਗਤ ਦਿੱਤੀ। ਲੋਚੀ ਨੇ ਤਰਨੁੰਮ ‘ਘਰਾਂ ਵਿਚ ਰੋਸ਼ਨੀ ਹੁੰਦੇ ਹੋਏ ਵੀ, ਨਹੀਂ ਹੁੰਦਾ ਕੋਈ ਹੁੰਦੇ ਹੋਏ ਵੀ’ ਪੇਸ਼ ਕਰਕੇ ਸਰੋਤੇ ਝੂਮਣ ਲਾ ਦਿੱਤੇ।

ਮਨਜਿੰਦਰ ਧਨੋਆ ਨੇ ‘ਰਾਗ ਅੰਨ੍ਹੇ ਸਬਦ ਕਾਣੇ ਹੋ ਗਏ, ਕਿਸ ਤਰ੍ਹਾਂ ਦੇ ਗੀਤ ਗਾਣੇ ਹੋ ਗਏ, ਸੋਚ ਉਨ੍ਹਾਂ ਦੀ ਸਿਮਟ ਕੇ ਰਹਿ ਗਈ, ਜਦ ਘਰਾਂ ਤੋਂ ਉਹ ਘਰਾਣੇ ਹੋ ਗਏ’ ਪੜ੍ਹ ਕੇ ਸਮਕਾਲੀਨ ਪਾਪੂਲਰ ਗੀਤਕਾਰੀ ਅਤੇ ਰੰਗ ਬਦਲਣ ਵਾਲੇ ਲੋਕਾਂ ਤੇ ਕਰਾਰੀ ਚੋਟ ਕੀਤੀ। ਬਲਵਿੰਦਰ ਸੰਧੂ ਨੇ ਨਜਮ ‘ਕੀ ਕਰਨਗੀਆਂ ਕੀੜੀਆਂ’ ਰਾਹੀਂ ਉਦਾਰ ਆਰਥਿਕ ਨੀਤੀਆਂ ਦੇ ਦੌਰ ਵਿੱਚ ਮੁਨਾਫਾਖੋਰ ਅਤੇ ਬੇਰਹਿਮ ਮਾਨਸਿਕਤਾ ਨੂੰ ਨਸਰ ਕੀਤਾ।

ਸੰਮੇਲਨ ਦੀ ਇਕਲੌਤੀ ਮਹਿਲਾ ਕਵਿਤਰੀ ਸੁਖਵਿੰਦਰ ਅੰਮ੍ਰਿਤ ਦੀਆਂ ਰਚਨਾਵਾਂ ਨੇ ਮਹਿਫਿਲ ਨੂੰ ਨਵੀਂ ਉਚਾਈ ਪ੍ਰਦਾਨ ਕੀਤੀ। ਉਨ੍ਹਾਂ ਦੀ ਰਚਨਾ ‘‘ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ, ਤੂੰ ਅਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ, ਤੁਸੀਂ ਵੀ ਉਸ ਦੀਆਂ ਗੱਲਾਂ ਵਿਚ ਆ ਗਏ ਹੱਦ ਹੋ ਗਈ, ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ’ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ। ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕਵੀ ਦਰਸਨ ਬੁੱਟਰ ਅਤੇ ਉੱਘੇ ਪੱਤਰਕਾਰ ਸੁਸੀਲ ਦੁਸਾਂਝ ਹੋਰਾਂ ਨੇ ਸੂਖਮ ਮਾਨਵੀ ਭਾਵਨਾਵਾਂ ਨੂੰ ਉਕੇਰਦੀ ਰਚਨਾਵਾਂ ਪੇਸ ਕਰ ਆਪਣੀ ਕਾਵਿ ਕਲਾ ਅਤੇ ਬੌਧਿਕਤਾ ਦਾ ਲੋਹਾ ਮਨਵਾਇਆ।

ਸੁਸੀਲ ਦੁਸਾਂਝ ਨੇ ਬਾਖੂਬੀ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਕਵੀ ਸੰਮੇਲਨ ਦੇ ਮੁੱਖ ਸੈਸਨ ਦੇ ਸੁਰੂ ਹੋਣ ਤੋਂ ਪਹਿਲਾਂ ਪਟਿਆਲਾ ਦੇ ਪੰਜਾਬੀ ਅਤੇ ਹਿੰਦੀ ਦੇ ਕਵੀਆਂ ਨੇ ਆਪਣੀ ਰਚਨਾਵਾਂ ਨਾਲ ਸਰੋਤਿਆਂ ਨੂੰ ਬੰਨੀ ਰੱਖਿਆ। ਇਨ੍ਹਾਂ ਵਿੱਚ ਅੰਮ੍ਰਿਤਪਾਲ ਸੈਦਾ, ਨਵੀਨ ਕਮਲ, ਚਰਨ ਪੁਆਧੀ, ਹਰੀਦੱਤ ਹਬੀਬ, ਬਲਬੀਰ ਦਿਲਦਾਰ, ਨਿਰਮਲਾ ਗਰਗ, ਸਾਗਰ ਸੂਦ, ਜਲ ਸਿੰਘ ਅਤੇ ਹੋਰ ਪ੍ਰਤਿਭਾਵਾਨ ਕਵੀ ਸ਼ਾਮਲ ਸਨ।

ਇਸ ਮੌਕੇ ਤੇ ਮੰਚ ਦੇ ਉਪ ਪ੍ਰਧਾਨ ਪ੍ਰਿੰਸੀਪਲ ਵਿਵੇਕ ਤਿਵਾੜੀ, ਉਤਰ ਖੇਤਰੀ ਸੱਭਿਆਚਾਰ ਕੇਂਦਰ ਦੇ ਪ੍ਰੋਗਰਾਮ ਅਫਸਰ ਰਵਿੰਦਰ ਸ਼ਰਮਾ, ਹਰਬੰਸ ਬਾਂਸਲ, ਰਾਕੇਸ਼ ਸਿੰਗਲਾ, ਡਾ. ਮਹੇਸ਼ ਗੌਤਮ, ਡਾ. ਐਸ. ਸੀ. ਸ਼ਰਮਾ, ਸਵਤੰਤਰ ਰਾਜ ਪਾਸੀ, ਐਨ. ਕੇ. ਜੈਨ, ਪਰਾਸ਼ਰ ਜੀ, ਸ਼ਸ਼ੀ ਅਗਰਵਾਲ, ਡਾ. ਅਨਿਲ ਗਰਗ, ਸੁਖਦੇਵ ਸਿੰਘ ਜਨਰਲ ਸਕੱਤਰ ਫੁਲਕੀਆਂ ਐਨਕੇਲਵ ਐਸੋਸੀਏਸ਼ਨ, ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ, ਗੁਰਕਿਰਪਾਲ ਸਿੰਘ ਸਰਪੰਚ ਕਸਿਆਣਾ, ਰੋਟੇਰੀਅਨ ਮਾਨਿਕ ਰਾਜ ਸਿੰਗਲਾ, ਜਿੰਮੀ ਗਰਗ ਸਮਾਣਾ, ਹਰਿੰਦਰ ਭਟੇਜਾ, ਸਾਬਕਾ ਚੇਅਰਮੈਨ ਸ਼ੰਕਰ ਜਿੰਦਲ, ਸੁਭਾਸ਼ ਗਰਗ, ਸਮਾਜਿਕ ਚਿੰਤਕ ਅਮਨ ਅਰੋੜਾ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Exit mobile version