ਸ੍ਰੀ ਮੁਕਤਸਰ ਸਾਹਿਬ 18 ਅਕਤੂਬਰ 2022: ਸ੍ਰੀ ਮੁਕਤਸਰ ਸਾਹਿਬ ਦੇ ਬੂੜਾਗੁੱਜਰ ਰੋਡ ਸਥਿਤ ਰੇਲਵੇ ਫਾਟਕ ‘ਤੇ ਇੱਕ ਦਰਦਨਾਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਫਾਟਕ ‘ਤੇ ਹੋਏ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਚਾਰ ਸਾਲ ਦੇ ਪੁੱਤਰ ਦੀ ਮੌਤ ਹੋ ਗਈ ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਨਰਸਰੀ ਸ਼੍ਰੇਣੀ ਦੇ ਵਿਦਿਆਰਥੀ ਅਵਲਦੀਪ ਸਿੰਘ ਨੂੰ ਸਕੂਲ ਛੱਡਣ ਉਸਦਾ ਦਾਦਾ ਸ਼ੀਤਲ ਸਿੰਘ ਆਪਣੀ ਸਕੂਟਰੀ ਰਾਹੀ ਜਾ ਰਿਹਾ ਸੀ । ਫਾਟਕ ਖੁੱਲਣ ਉਪਰੰਤ ਜਦੋਂ ਦਾਦੇ-ਪੋਤੇ ਨੇ ਫਾਟਕ ਪਾਰ ਕੀਤਾ ਤਾਂ ਸਾਹਮਣੇ ਤੋਂ ਆ ਰਹੇ ਸਪੈਸ਼ਲ ਵਾਲੇ ਟਰੱਕ ਨੰਬਰ ਪੀ ਬੀ 04ਏ ਡੀ 0112 ਦੀ ਚਪੇਟ ਵਿਚ ਆ ਗਏ | ਇਸ ਦੌਰਾਨ ਅਵਲਦੀਪ ਸਕੂਟਰੀ ਤੋਂ ਹੇਠਾ ਡਿੱਗ ਗਿਆ ਅਤੇ ਉਸਦੇ ਸਿਰ ਟਰੱਕ ਦੇ ਟਾਇਰ ਹੇਠ ਆ ਜਾਣ ਕਾਰਨ ਅਵਲਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸਦੇ ਨਾਲ ਹੀ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਘਰ ਦੇ ਇਕਲੌਤੇ ਪੁੱਤਰ ਦੀ ਮੌਤ ਤੇ ਮਾਂ ਦੇ ਵੈਣ ਸੁਣੇ ਨਹੀਂ ਜਾ ਰਹੇ, ਉਥੇ ਪੋਤੇ ਦੀ ਲਾਸ਼ ਝੋਲੀ ‘ਚ ਲੈ ਬੈਠੀ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੈ । ਦੱਸਿਆ ਜਾਂਦਾ ਹੈ ਕਿ ਇਸ ਫਾਟਕ ਨੇੜੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ |