ਨਵਾਂਸ਼ਹਿਰ 22 ਨਵੰਬਰ 2022: ਪੰਜਾਬ ਦੇ ਜੰਗਲਾਤ ਅਤੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਆਦੇਸ਼ਾਂ ’ਤੇ ਵਣ ਵਿਭਾਗ ਦੀ ਜ਼ਮੀਨ ਨਜਾਇਜ਼ ਕਾਬਜ਼ਕਾਰਾਂ ਦੇ ਕਬਜ਼ੇ ਆਰੰਭੀ ਮੁਹਿੰਮ ਤਹਿਤ ਵਣ ਮੰਡਲ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਅਤੇ ਠਠਿਆਲਾ ’ਚੋਂ 88 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ।
ਵਣ ਮੰਡਲ ਅਫ਼ਸਰ ਨਵਾਂਸ਼ਹਿਰ ਐਟ ਗੜ੍ਹਸ਼ੰਕਰ, ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀਆਂ ਹਦਾਇਤਾਂ ਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਦੀ ਮੱਦਦ ਨਾਲ ਮਾਲ ਤੇ ਮੁੜ ਵਸੇਬਾ ਵਿਭਾਗ ਰਾਹੀਂ ਨਜਾਇਜ਼ ਕਬਜ਼ੇ ਅਧੀਨ ਮਹਿੰਦੀਪੁਰ ਦੀ 38 ਏਕੜ ਤੇ ਠਠਿਆਲਾ ਦੀ 50 ਏਕੜ ਜ਼ਮੀਨ ਦੀ ਪੈਮਾਇਸ਼ ਕਰਵਾਈ ਗਈ ਅਤੇ ਬਾਅਦ ਵਿੱਚ ਉਸ ਦਾ ਕਬਜ਼ਾ ਹਾਸਲ ਕਰਕੇ ਸੀਮੇਂਟ ਦੇ ਪਿੱਲਰ ਤੇ ਕੰਡਿਆਲੀ ਤਾਰ ਲਗਾ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੁੱਖ ਵਣਪਾਲ ਪੰਜਾਬ ਆਰ ਕੇ ਮਿਸ਼ਰਾ, ਮੁੱਖ ਵਣਪਾਲ ਹਿਲਜ਼ (ਸ਼ਿਵਾਲਿਕ ਜ਼ੋਨ) ਬਸੰਤਾ ਰਾਜ ਕੁਮਾਰ ਅਤੇ ਵਣ ਪਾਲ ਸ਼ਿਵਾਲਿਕ ਸਰਕਲ ਕੇ ਕਾਨਨ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਨਜਾਇਜ਼ ਕਾਬਜ਼ਾਂ ਕੋਲੋਂ 88 ਏਕੜ ਜ਼ਮੀਨ ਛੁਡਵਾ ਕੇ ਉਸ ਦੁਆਲੇ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਜਾਇਜ਼ ਕਬਜ਼ੇ ਹੇਠੋਂ ਛੁਡਵਾਈ ਇਸ ਜ਼ਮੀਨ ਵਿੱਚ ਜੰਗਲ ਲਾਉਣ ਲਈ ਵਿਭਾਗ ਨੂੰ ਅਨੁਮਾਨ ਬਣਾ ਕੇ ਭੇਜਿਆ ਗਿਆ ਹੈ ਅਤੇ ਮਨਜ਼ੂਰੀ ਮਿਲਦੇ ਹੀ ਇੱਥੇ ਪੌਦੇ ਲਾ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸੇ ਹੀ ਥਾਂ ਤੇ 70 ਏਕੜ ਦੇ ਕਰੀਬ ਹੋਰ ਨਜਾਇਜ਼ ਕਬਜ਼ੇ ਹੇਠਲੀ ਜ਼ਮੀਨ ਦੇ ਰਿਕਾਰਡ ਦੀ ਦਰੁਸਤੀ ਲਈ ਅਤੇ ਕਬਜ਼ਾ ਵਾਰੰਟ ਲਈ ਐਸ ਡੀ ਐਮ ਨਵਾਂਸ਼ਹਿਰ ਦੀ ਅਦਾਲਤ ਵਿੱਚ ਕੇਸ ਪਾਇਆ ਜਾਵੇਗਾ। ਉਪਰੰਤ ਦਖਲ ਵਾਰੰਟ ਲੈਣ ਬਾਅਦ ਜ਼ਿਲ੍ਹਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਨਾਲ ਵਿਭਾਗ ਵੱਲੋਂ ਇਸ ਦਾ ਕਬਜ਼ਾ ਹਾਸਲ ਕਰ ਲਿਆ ਜਾਵੇਗਾ।
ਵਣ ਮੰਡਲ ਅਫ਼ਸਰ ਅਨੁਸਾਰ ਇਸ ਤੋਂ ਪਹਿਲਾਂ ਵੀ ਵਿਭਾਗ ਨਵਾਂਸ਼ਹਿਰ ਵਣ ਮੰਡਲ ਵਿੱਚ 260 ਏਕੜ ਦੇ ਕਰੀਬ ਜੰਗਲਾਤ ਜ਼ਮੀਨ ਨਜਾਇਜ਼ ਕਾਬਜ਼ਾਂ ਪਾਸੋਂ ਛੁਡਵਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਗਲੇ ਦਿਨਾਂ ਵਿੱਚ ਹੋਰਨਾਂ ਨਜਾਇਜ਼ ਕਾਬਜ਼ਾਂ ਖ਼ਿਲਾਫ਼ ਵੀ ਮੁਹਿੰਮ ਚਲਾਏਗਾ।
ਉਨ੍ਹਾਂ ਨੇ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਤੁਰੰਤ ਇਨ੍ਹਾਂ ਜ਼ਮੀਨਾਂ ਨੂੰ ਖਾਲੀ ਕਰਨ ਲਈ ਆਖਦਿਆਂ ਕਿਹਾ ਕਿ ਜੇਕਰ ਉਹ ਆਪਣੇ ਆਪ ਵਿਭਾਗ ਦੀ ਜ਼ਮੀਨ ਨਹੀਂ ਛੱਡਣਗੇ ਤਾਂ ਫ਼ਿਰ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਲ੍ਹ ਦੀ ਇਸ ਦਖ਼ਲ ਵਾਰੰਟ ਦੀ ਕਾਰਵਾਈ ਨੂੰ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਮੱਦਦ ਨਾਲ ਬਿਨਾਂ ਕਿਸੇ ਵੱਡੇ ਵਿਰੋਧ ਦੇ ਮੁਕੰਮਲ ਕੀਤਾ ਗਿਆ।
ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਵੱਲੋਂ ਵਿਭਾਗ ਦੀ ਇਸ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਦਿੱਤੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਕਾਨੂੰਗੋ ਪਰਗਣ ਸਿੰਘ, ਪਟਵਾਰੀ ਮਨਦੀਪ ਸਿੰਘ ਤੇ ਮੇਜਰ ਰਾਮ, ਰੇਂਜ ਅਫ਼ਸਰ ਰਵੀ ਦੱਤ ਤੋਂ ਇਲਾਵਾ ਵਣ ਵਿਭਾਗ ਦੇ ਬਲਾਚੌਰ, ਕਾਠਗੜ੍ਹ ਤੇ ਗੜ੍ਹਸ਼ੰਕਰ ਰੇਂਜਾਂ ਦੇ ਫੀਲਡ ਸਟਾਫ਼ ਤੋਂ ਇਲਾਵਾ ਪੁਲਿਸ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।