July 4, 2024 11:40 pm
MSP

MSP ‘ਤੇ ਵਿਸ਼ੇਸ਼ ਕਮੇਟੀ ਦੀ ਪਹਿਲੀ ਬੈਠਕ ਸਮਾਪਤ, ਇਨ੍ਹਾਂ ਅਹਿਮ ਮੁੱਦਿਆਂ ‘ਤੇ ਹੋਈ ਚਰਚਾ

ਚੰਡੀਗ੍ਹੜ 22 ਅਗਸਤ 2022: ਅੱਜ ਯਾਨੀ ਸੋਮਵਾਰ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਵਿਸ਼ੇਸ਼ ਕਮੇਟੀ ਦੀ ਪਹਿਲੀ ਬੈਠਕ ਅੱਜ ਸੋਮਵਾਰ ਨੂੰ ਹੋਈ। ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਐਮਐਸਪੀ ‘ਤੇ ਕਮੇਟੀ ਨੇ ਅਹਿਮ ਮੁੱਦਿਆਂ ‘ਤੇ ਵਿਚਾਰ ਕਰਨ ਲਈ ਚਾਰ ਗਰੁੱਪ ਬਣਾਏ ਹਨ। ਪਹਿਲੇ ਦੌਰ ਦੀ ਮੀਟਿੰਗ ਵਿੱਚ, ਕਮੇਟੀ ਨੇ ਭਵਿੱਖ ਦੀਆਂ ਲੋੜਾਂ, ਵਿਕਾਸ ਅਤੇ ਖੋਜ ਰਾਹੀਂ ਭਾਰਤੀ ਕੁਦਰਤੀ ਖੇਤੀ ਪ੍ਰਣਾਲੀ ਦੇ ਤਹਿਤ ਖੇਤਰ ਦੇ ਵਿਸਥਾਰ ਲਈ ਪ੍ਰੋਗਰਾਮਾਂ ਅਤੇ ਯੋਜਨਾਵਾਂ ਬਾਰੇ ਸੁਝਾਅ ਦਿੱਤੇ।

ਇਸ ਦੌਰਾਨ ਮੰਡੀਕਰਨ ਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕਰਨ ਲਈ ਵੀ ਸੁਝਾਅ ਦਿੱਤੇ ਗਏ ਹਨ । ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਦੀ ਅਗਵਾਈ ਹੇਠ ਹੋਈ ਇਸ ਕਮੇਟੀ ਦੀ ਮੀਟਿੰਗ ਵਿੱਚ ਘੱਟੋ-ਘੱਟ ਸਮਰਥਨ  ਮੁੱਲ (MSP) ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਸਮੇਤ ਜ਼ਰੂਰੀ ਵਿਸ਼ਿਆਂ ‘ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸਦੇ ਨਾਲ ਹੀ ਕਮੇਟੀ ਦੀ ਅਗਲੀ ਮੀਟਿੰਗ ਸਤੰਬਰ ਦੇ ਪਹਿਲੇ ਹਫ਼ਤੇ ਹੈਦਰਾਬਾਦ ਵਿੱਚ ਹੋਵੇਗੀ। ਗੱਲਬਾਤ ਦੇ ਪਹਿਲੇ ਦੌਰ ਵਿੱਚ ਕਮੇਟੀ ਦਾ ਏਜੰਡਾ ਅਤੇ ਮੁੱਖ ਵਿਸ਼ਿਆਂ ਨੂੰ ਮੀਟਿੰਗ ਵਿੱਚ ਸਾਰੀਆਂ ਧਿਰਾਂ ਦੇ ਸਾਹਮਣੇ ਰੱਖਿਆ ਗਿਆ। ਦੂਜੇ ਦੌਰ ਦੀ ਮੀਟਿੰਗ ਵਿੱਚ ਇਨ੍ਹਾਂ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਦੱਸ ਦੇਈਏ ਕਿ ਅੱਜ ਦਿੱਲੀ ਵਿੱਚ ਕਿਸਾਨਾਂ ਨੇ ਐਮਐਸਪੀ ਲਾਗੂ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ।