Site icon TheUnmute.com

ਗਠਜੋੜ ਇੰਡੀਆ ਦੀ ਤਾਲਮੇਲ ਕਮੇਟੀ ਦੀ ਅੱਜ ਨਵੀਂ ਦਿੱਲੀ ਵਿਖੇ ਪਹਿਲੀ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਚਰਚਾ ਸੰਭਵ

INDIA

ਚੰਡੀਗੜ੍ਹ 13 ਸਤਬੰਰ 2023: ਵਿਰੋਧੀ ਗਠਜੋੜ ਇੰਡੀਆ (I.N.D.I.A) ਦੀ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਵੇਗੀ। ਇਸ ਕਮੇਟੀ ਵਿੱਚ ਕੁੱਲ 14 ਮੈਂਬਰ ਹਨ ਅਤੇ ਇੱਕ ਮੈਂਬਰ ਨੂੰ ਛੱਡ ਕੇ ਬਾਕੀ ਸਾਰੇ ਮੀਟਿੰਗ ਵਿੱਚ ਆਉਣਗੇ। ਕਮੇਟੀ ਦੇ ਮੈਂਬਰ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਉਤ ਨੇ ਆਖਿਆ ਕਿ ਅੱਜ ਅਸੀਂ ਸਾਰੇ (Alliance of India) ਬੈਠਕ ‘ਚ ਜਾਵਾਂਗੇ। ਮੁੰਬਈ ਮੀਟਿੰਗ ‘ਚ ਤੈਅ ਕੀਤੇ ਗਏ ਏਜੰਡੇ ‘ਤੇ ਚਰਚਾ ਕੀਤੀ ਜਾਵੇਗੀ। ਟੀਐਮਸੀ ਨੂੰ ਛੱਡ ਕੇ ਹਰ ਕੋਈ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।

ਇਹ ਬੈਠਕ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਦੇ ਦਿੱਲੀ ਸਥਿਤ ਘਰ ‘ਤੇ ਹੋਵੇਗੀ। ਇਸ ‘ਚ ਸੀਟਾਂ ਦੀ ਵੰਡ ਅਤੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾ ਸਕਦੀ ਹੈ।ਕਮੇਟੀ ਮੈਂਬਰਾਂ ਨੇ ਏਜੰਡਾ ਤਿਆਰ ਕਰ ਲਿਆ ਹੈ, ਜਿਸ ਨੂੰ ਬੈਠਕ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸਾਂਝੀਆਂ ਰੈਲੀਆਂ, ਸਾਂਝਾ ਪ੍ਰਚਾਰ ਅਤੇ ਸੋਸ਼ਲ ਮੀਡੀਆ ਰਣਨੀਤੀ ਬਾਰੇ ਫੈਸਲੇ ਲਏ ਜਾਣੇ ਹਨ।

ਸੂਤਰਾਂ ਅਨੁਸਾਰ ਚੋਣਾਂ ਅਤੇ ਪ੍ਰਚਾਰ ਲਈ ਰੋਡਮੈਪ ਤਿਆਰ ਕਰਨ ਲਈ ਰਾਜਾਂ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ ਅਤੇ ਕਰਨਾਟਕ ਨੂੰ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਦੂਜੀ ਸ਼੍ਰੇਣੀ ‘ਚ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਹਿਮਾਚਲ, ਉੱਤਰਾਖੰਡ, ਛੱਤੀਸਗੜ੍ਹ ਵਰਗੇ ਸੂਬੇ ਹਨ, ਜਿੱਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ਲਈ ਕੌਮੀ ਮੁੱਦਿਆਂ ਅਤੇ ਸੂਬੇ ਦੀਆਂ ਸਮੱਸਿਆਵਾਂ ਨੂੰ ਜੋੜ ਕੇ ਰਣਨੀਤੀ ਬਣਾਈ ਜਾਵੇਗੀ।

ਤੀਜੀ ਸ਼੍ਰੇਣੀ ਵਿੱਚ ਉੜੀਸਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸ਼ਾਮਲ ਹਨ ਜੋ ਐਨਡੀਏ ਜਾਂ ਇੰਡੀਆ ਵਾਲੀਆਂ ਪਾਰਟੀਆਂ ਦੁਆਰਾ ਸ਼ਾਸਿਤ ਹਨ ਇੱਥੇ ਰਣਨੀਤੀ ਵੱਖਰੀ ਹੋਵੇਗੀ।

ਚੌਥੀ ਸ਼੍ਰੇਣੀ ਵਿੱਚ ਉਹ ਸੂਬੇ ਸ਼ਾਮਲ ਹਨ ਜਿੱਥੇ ਵਿਰੋਧੀ ਗਠਜੋੜ ਦੀਆਂ ਪਾਰਟੀਆਂ ਦਰਮਿਆਨ ਮੁਕਾਬਲੇ ਦੀ ਸਥਿਤੀ ਪੈਦਾ ਹੋ ਸਕਦੀ ਹੈ। ਜਿਵੇਂ- ਪੰਜਾਬ, ਦਿੱਲੀ, ਪੱਛਮੀ ਬੰਗਾਲ, ਕੇਰਲਾ ਅਤੇ ਗੋਆ। ਇਨ੍ਹਾਂ ਸੂਬਿਆਂ ਲਈ ਸੀਟ ਸ਼ੇਅਰਿੰਗ ਫਾਰਮੂਲੇ ‘ਤੇ ਫੋਕਸ ਹੋਵੇਗਾ।

ਵਿਰੋਧੀ ਗਠਜੋੜ (Alliance of India) ਦੀ ਤੀਜੀ ਮੀਟਿੰਗ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ਵਿੱਚ ਹੋਈ ਸੀ। ਇਸ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ 28 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਤਾਲਮੇਲ ਅਤੇ ਮੁਹਿੰਮ ਸਮੇਤ ਪੰਜ ਕਮੇਟੀਆਂ ਦਾ ਗਠਨ ਕੀਤਾ ਗਿਆ।

Exit mobile version