TheUnmute.com

ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜੱਥਾ ਰਵਾਨਾ

ਉੱਤਰਾਖੰਡ, 17 ਮਈ 2023: ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਕਿਵਾੜ 20 ਮਈ ਨੂੰ ਖੁੱਲ ਰਹੇ ਹਨ, ਇਸ ਲਈ ਸ੍ਰੀ ਹੇਮਕੁੰਟ ਸਾਹਿਬ ਯਾਤਰਾ 17 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਲਕਸ਼ਮਣ ਝੁੱਲਾ ਮਾਰਗ, ਰਿਸ਼ੀਕੇਸ਼ ਤੋਂ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਸ਼ਰਧਾਲੂਆਂ ਦਾ ਗੁਰਦੁਆਰਾ ਸਾਹਿਬ ਦੇ ਪਰਿਸਰ ਵਿਖੇ ਆਉਣਾ ਸ਼ੁਰੂ ਹੋ ਗਿਆ। ਪਵਿੱਤਰ ਯਾਤਰਾ ਦੇ ਸ਼ੁਭ ਆਰੰਭ ਮੌਕੇ ਉੱਤਰਾਖੰਡ ਰਾਜ ਦੇ ਰਾਜਪਾਲ, ਲੈਫਟੀਨੈਂਟ ਜਨਰਲ (ਰਿਟਾ.) ਸਰਦਾਰ ਗੁਰਮੀਤ ਸਿੰਘ, ਮਾਣਯੋਗ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਹਰਿਦੁਆਰ ਦੇ ਲੋਕ ਸਭਾ ਮੈਂਬਰ ਰਮੇਸ਼ ਪੋਖਰਿਆਲ ਨਿਸ਼ੰਕ, ਕੈਬਨਿਟ ਮੰਤਰੀ ਪ੍ਰੇਮਚੰਦ ਅਗਰਵਾਲ ਹਾਜ਼ਰ ਰਹੇ |

Sri Hemkunt Sahib

ਇਸ ਮੌਕੇ ਕੈਬਨਿਟ ਮੰਤਰੀ ਸਤਪਾਲ ਮਹਾਰਾਜ ਸਮੇਤ ਕੈਬਨਿਟ ਮੰਤਰੀ ਸੁਬੋਧ ਉਨਿਆਲ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਧਾਨਾਂ ਵੱਲੋਂ ਪੰਜਾਬ ਪਿਆਰਿਆ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੈਂਡ ਬਾਜਿਆਂ ਦੀਆਂ ਧੁਨਾਂ ਅਤੇ “ਜੋ ਬੋਲੇ ​​ਸੋ ਨਿਹਾਲ” ਦੇ ਜੈਕਾਰਿਆਂ ਦੀ ਗੂੰਜ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਨੇ ਸ੍ਰੀ ਹੇਮਕੁੰਟ ਸਾਹਿਬ ਨੇ ਯਾਤਰਾ ਲਈ ਪਹਿਲਾ ਜੱਥਾ ਰਵਾਨਾ ਕੀਤਾ।

ਅੱਜ ਸਵੇਰੇ 11.00 ਵਜੇ ਰਿਸ਼ੀਕੇਸ਼ ਗੁਰਦੁਆਰਾ ਪਰਿਸਰ ਵਿੱਚ ਉੱਤਰਾਖੰਡ ਦੇ ਰਾਜਪਾਲ, ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਆਮਦ ਸ਼ੁਰੂ ਹੋ ਗਈ। ਰਾਜਪਾਲ, ਮੁੱਖ ਮੰਤਰੀ ਅਤੇ ਬਾਕੀ ਸਾਰੇ ਮੰਤਰੀਆਂ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਮੂਹ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਗੁਰੂ ਦਰਬਾਰ ਵਿੱਚ ਮੱਥਾ ਟੇਕ ਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਨਗਰ ਨਿਗਮ ਰਿਸ਼ੀਕੇਸ਼ ਦੀ ਮੇਅਰ ਸ਼੍ਰੀਮਤੀ ਅਨੀਤਾ ਮਮਗਾਈ ਨੇ ਵੀ ਦਰਬਾਰ ਵਿੱਚ ਮੱਥਾ ਟੇਕ ਕੇ ਗੁਰੂ ਮਹਾਰਾਜ ਜੀ ਦੇ ਸਨਮੁੱਖ ਆਪਣੀ ਹਾਜ਼ਰੀ ਦਰਜ ਕਰਵਾਈ।

ਕੀਰਤਨੀਆ ਰਾਗੀ ਜਥੇ ਅਤੇ ਗੁਰਮਤਿ ਸੰਗੀਤ ਬਾਲ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਕਚਹਿਰੀ ਹਾਲ ਵਿੱਚ ਹਾਜ਼ਰ ਸਮੂਹ ਸੰਗਤਾਂ ਅਤੇ ਹਸਤੀਆਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਤੋਂ ਬਾਅਦ ਰਾਜਪਾਲ ਅਤੇ ਮਾਣਯੋਗ ਮੁੱਖ ਮੰਤਰੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸਿੱਖ ਧਰਮ ਅਤੇ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਯਾਤਰਾ ਨਾਲ ਸਬੰਧਤ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨਿਰਵਿਘਨ ਯਾਤਰਾ ਦੀ ਕਾਮਨਾ ਕਰਦੇ ਹੋਏ, ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਚਾਰ ਧਾਮ ਯਾਤਰਾ ਅਤੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਯਾਤਰੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਹਨ। ਗੁਰਦੁਆਰਾ ਰਿਸ਼ੀਕੇਸ਼ ਤੋਂ ਰਵਾਨਾ ਹੋਣ ਤੋਂ ਪਹਿਲਾਂ ਲੰਗਰ ਹਾਲ ਵਿੱਚ ਬੈਠ ਕੇ ਲੰਗਰ ਪ੍ਰਸ਼ਾਦ ਵੀ ਛਕਿਆ।

ਇਸ ਸ਼ੁਭ ਮੌਕੇ ‘ਤੇ ਸਥਾਨਕ ਲੋਕਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵਿਖੇ ਸਵਾਮੀ ਚਿਦਾਨੰਦ ਸਰਸਵਤੀ ਪਰਮਾਰਥ, ਮਹੰਤ ਬਲਬੀਰ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੋਵਿੰਦ ਸਿੰਘ, ਦੀਪ ਸ਼ਰਮਾ, ਜੈੇਂਦਰ ਰਾਮੋਲਾ, ਸ. ਐੱਸ. ਬੇਦੀ, ਮਦਨ ਮੋਹਨ ਸ਼ਰਮਾ, ਊਸ਼ਾ ਰਾਵਤ ਰਾਜਕੁਮਾਰ ਅਗਰਵਾਲ, ਵਿਨੈ ਉਨਿਆਲ, ਵਿਨੋਦ ਅਗਰਵਾਲ, ਬੂਟਾ ਸਿੰਘ, ਵਿੱਕੀ ਸੇਠੀ, ਰੌਤਾਸ਼ ਸਿੰਘ ਪ੍ਰਧਾਨ ਗੁਰਦੁਆਰਾ ਸ਼ਾਹਪੁਰ ਸ਼ੀਤਲਾ ਖੇੜਾ, ਗੁਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਦੋਈਵਾਲਾ, ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਡਾਲੂਵਾਲਾ, ਓਮਕਾਰ ਸਿੰਘ ਪ੍ਰਧਾਨ, ਓਮਕਾਰ ਸਿੰਘ ਪ੍ਰਧਾਨ ਤੋਂ ਇਲਾਵਾ ਡਾ. ਪ੍ਰਧਾਨ ਗੁਰਦੁਆਰਾ ਲਾਲਟੰਮਾਡ ਆਦਿ ਹਾਜ਼ਰ ਸਨ।

Exit mobile version