Site icon TheUnmute.com

ਵਿੱਤ ਵਿਭਾਗ ਨੇ ਕੈਂਸਰ ਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ 32 ਕਰੋੜ ਰੁਪਏ ਕੀਤੇ ਜਾਰੀ

ਵਿੱਤ ਵਿਭਾਗ

ਚੰਡੀਗੜ੍ਹ 09 ਅਗਸਤ 2022: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ ਨੇ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਹੋਰ ਅੱਗੇ ਵਧਾਉਣ ਵਾਸਤੇ ‘ਕ੍ਰਿਏਸ਼ਨ ਆਫ਼ ਕੈਂਸਰ ਐਂਡ ਡੀ-ਅਡਿਕਸ਼ਨ ਟਰੀਟਮੈਂਟ ਇੰਨਫਰਾਸਟਰਕਚਰ’ ਯੋਜਨਾ ਤਹਿਤ 32 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।

ਇੱਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਹੁਣ ਤੱਕ 48.75 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ ਜਿਸ ਵਿੱਚ ਅੱਜ ਜਾਰੀ ਕੀਤੀ ਗਈ 32 ਕਰੋੜ ਰੁਪਏ ਦੀ ਗ੍ਰਾਂਟ ਸ਼ਾਮਿਲ ਹੈ।

ਸੂਬੇ ਵਿੱਚ ਕੈਂਸਰ ਦੇ ਇਲਾਜ ਵਿੱਚ ਸੁਧਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਉਪਰੋਕਤ ਫੰਡਾਂ ਤੋਂ ਇਲਾਵਾ ਸਟੇਟ ਕੈਂਸਰ ਇੰਸਟੀਚਿਊਟ, ਅੰਮ੍ਰਿਤਸਰ ਨੂੰ 4.50 ਕਰੋੜ ਰੁਪਏ ਅਤੇ ਟਰਸ਼ਰੀ ਕੈਂਸਰ ਕੇਅਰ ਸੈਂਟਰ, ਫਾਜ਼ਿਲਕਾ ਨੂੰ 2.02 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਚੀਮਾ ਨੇ ਅੱਗੇ ਦੱਸਿਆ ਕਿ ਵਿੱਤ ਵਿਭਾਗ ਨੇ ਜੂਨੀਅਰ ਰੈਜ਼ੀਡੈਂਟ, ਸੀਨੀਅਰ ਰੈਜ਼ੀਡੈਂਟ ਅਤੇ ਟਿਊਟਰ ਡਾਕਟਰਾਂ ਦੇ ਸੋਧੇ ਹੋਏ ਮਾਣਭੱਤੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਿਊਟਰ (ਨਾਨ-ਪੀਸੀਐਮਐਸ) ਅਤੇ ਸੀਨੀਅਰ ਰੈਜ਼ੀਡੈਂਟ ਲਈ ਸ਼ੁਰੂਆਤੀ ਮਾਣ ਭੱਤਾ 65,100 ਰੁਪਏ ਤੋਂ ਵਧਾ ਕੇ 81,562 ਰੁਪਏ ਅਤੇ ਰੈਜੀਡੈਂਟ (ਨਾਨ ਪੀਸੀਐਮਐਸ) ਲਈ ਮਾਣਭੱਤਾ 52,080 ਰੁਪਏ ਤੋਂ ਵਧਾ ਕੇ 67, 958 ਰੁਪਏ ਕਰ ਦਿੱਤਾ ਗਿਆ ਹੈ।

ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੈਡੀਕਲ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਿਹਤ ਸਹੂਲਤਾਂ ਵਿੱਚ ਵੱਡੇ ਸੁਧਾਰਾਂ ਨੂੰ ਯਕੀਨੀ ਬਣਾਉਣ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਹੈ।

Exit mobile version