ਚੰਡੀਗੜ੍ਹ, 09 ਜਨਵਰੀ 2024: ਮਸ਼ਹੂਰ ਕਲਾਸੀਕਲ ਗਾਇਕ ਉਸਤਾਦ ਰਾਸ਼ਿਦ ਖਾਨ (Rashid Khan) ਦੁਨੀਆ ਨੂੰ ਅਲਵਿਦਾ ਕਹਿ ਗਏ । ਉਨ੍ਹਾਂ ਨੇ ਮੰਗਲਵਾਰ ਨੂੰ ਕੋਲਕਾਤਾ ਦੇ ਇਕ ਹਸਪਤਾਲ ‘ਚ 55 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਹ ਪ੍ਰੋਸਟੇਟ ਕੈਂਸਰ ਨਾਲ ਜੂਝ ਰਹੇ ਸਨ। ਦਸੰਬਰ ਤੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। 23 ਦਸੰਬਰ ਨੂੰ ਖਬਰਾਂ ਆਈਆਂ ਸਨ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਆਈਸੀਯੂ ‘ਚ ਦਾਖਲ ਸਨ ਅਤੇ ਵੈਂਟੀਲੇਟਰ ‘ਤੇ ਸਨ। ਸ਼ੁਰੂਆਤ ‘ਚ ਉਨ੍ਹਾਂ ਦਾ ਇਲਾਜ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ‘ਚ ਕੀਤਾ ਗਿਆ ਪਰ ਬਾਅਦ ‘ਚ ਉਹ ਕੋਲਕਾਤਾ ਵਾਪਸ ਆ ਗਏ।
ਰਾਸ਼ਿਦ ਖਾਨ (Rashid Khan) ਉਸਤਾਦ ਅਮਿਰ ਖਾਨ ਅਤੇ ਪੰਡਿਤ ਭੀਮਸੇਨ ਜੋਸ਼ੀ ਦੀ ਗਾਇਕੀ ਤੋਂ ਵੀ ਪ੍ਰਭਾਵਿਤ ਸੀ। ਸੰਗੀਤਕਾਰ ਦੇ ਪ੍ਰਸਿੱਧ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਤੋਰੇ ਬੀਨਾ ਮੋਹੇ ਚੈਨ’ ਵਰਗਾ ਇੰਡਸਟਰੀ ‘ਚ ਸੁਪਰਹਿੱਟ ਗੀਤ ਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡਸਟਰੀ ਦੇ ਕਿੰਗ ਯਾਨੀ ਸ਼ਾਹਰੁਖ ਖਾਨ ਦੀ ਫਿਲਮ ‘ਮਾਈ ਨੇਮ ਇਜ਼ ਖਾਨ’ ‘ਚ ਇਕ ਗੀਤ ਵੀ ਗਾਇਆ ਹੈ। ਇੰਨਾ ਹੀ ਨਹੀਂ ਉਸਤਾਦ ਰਾਸ਼ਿਦ ਖਾਨ ਨੇ ‘ਰਾਜ਼ 3’, ‘ਕਾਦੰਬਰੀ’, ‘ਸ਼ਾਦੀ ਮੈਂ ਜ਼ਰੂਰ ਆਨਾ’, ‘ਮੰਟੋ’ ਤੋਂ ਲੈ ਕੇ ‘ਮਿਟਿਨ ਮਾਸ ‘ ਵਰਗੀਆਂ ਫਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।