July 4, 2024 9:37 pm
Gujarat assembly elections

ਚੋਣ ਕਮਿਸ਼ਨ ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਕਰੇਗਾ ਐਲਾਨ

ਚੰਡੀਗੜ੍ਹ 03 ਨਵੰਬਰ 2022: ਚੋਣ ਕਮਿਸ਼ਨ ਵਲੋਂ ਗੁਜਰਾਤ ਵਿਧਾਨ ਸਭਾ ਚੋਣਾਂ (Gujarat Assembly Elections) ਦਾ ਅੱਜ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਵਲੋਂ ਅੱਜ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ । ਇਸ ਕਾਨਫਰੰਸ ਵਿੱਚ ਗੁਜਰਾਤ ਚੋਣਾਂ ਦੀਆਂ ਤਾਰੀਖ਼ਾਂ ਦਿੱਤੀਆਂ ਜਾਣਗੀਆਂ। ਰਿਪੋਰਟਾਂ ਮੁਤਾਬਕ ਗੁਜਰਾਤ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋ ਸਕਦੀਆਂ ਹਨ। ਦਸੰਬਰ ਦੇ ਪਹਿਲੇ ਹਫ਼ਤੇ ਵੋਟਿੰਗ ਹੋ ਸਕਦੀ ਹੈ।

ਪਿਛਲੇ 24 ਸਾਲਾਂ ਤੋਂ ਗੁਜਰਾਤ ਵਿੱਚ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਸੱਤਾ ਵਿੱਚ ਹੈ ਪਰ ਇਸ ਵਾਰ ਸਮੀਕਰਨ ਬਦਲਦੇ ਨਜ਼ਰ ਆਉਣਗੇ। ਅਜਿਹਾ ਇਸ ਲਈ ਕਿਉਂਕਿ ਦਿੱਲੀ ਅਤੇ ਪੰਜਾਬ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਵੀ ਪੂਰਾ ਜ਼ੋਰ ਲਗਾ ਦਿੱਤਾ ਹੈ। ਅਜਿਹੇ ‘ਚ ਮੁਕਾਬਲਾ ਤਿਕੋਣਾ ਹੋ ਸਕਦਾ ਹੈ।

ਪਿਛਲੀ ਵਾਰ ਗੁਜਰਾਤ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਈਆਂ ਸਨ। ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ 25 ਅਕਤੂਬਰ 2017 ਨੂੰ ਕੀਤਾ ਗਿਆ ਸੀ। ਪਹਿਲੇ ਪੜਾਅ ਲਈ 14 ਨਵੰਬਰ ਅਤੇ ਦੂਜੇ ਪੜਾਅ ਲਈ 20 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਚੋਣਾਂ ਦੇ ਪਹਿਲੇ ਪੜਾਅ ਦੇ ਨਤੀਜੇ 9 ਦਸੰਬਰ 2017 ਅਤੇ ਦੂਜੇ ਪੜਾਅ ਦੇ 14 ਦਸੰਬਰ ਨੂੰ ਐਲਾਨੇ ਗਏ ਸਨ। ਪਹਿਲੇ ਪੜਾਅ ‘ਚ 89 ਅਤੇ ਦੂਜੇ ਪੜਾਅ ‘ਚ 93 ਸੀਟਾਂ ‘ਤੇ ਵੋਟਿੰਗ ਹੋਈ ਸੀ।

ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਦੇ ਨਾਲ ਹੀ ਗੁਜਰਾਤ ਚੋਣ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।