ਗੁਰਦਾਸਪੁਰ 21 ਅਕਤੂਬਰ 2023: ਸਿੱਖਿਆ ਵਿਭਾਗ ਵਲੋਂ 2015 ਅਤੇ ਇਸ ਤੋਂ ਬਾਅਦ ਕੀਤੀਆਂ ਗਈਆਂ ਜੇਬੀਟੀ ਈਟੀਟੀ ਤੋਂ ਮਾਸਟਰ ਕੈਡਰ (Master Cardre) ਦੀਆਂ ਪਦਉਨਤੀਆਂ ਦਾ ਰਿਵਿਊ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਦੇ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਵੱਲੋਂ ਵੱਖ-ਵੱਖ ਜਿਲੇ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਨੂੰ ਪੱਤਰ ਲਿਖ ਕੇ ਸਾਲ1991 ਤੋਂ ਬਾਅਦ ਹੋਈਆਂ ਤਮਾਮ ਭਰਤੀਆਂ ਦੇ ਵੇਰਵੇ ਤਿਆਰ ਕਰਨ ਦੇ ਲਿਖਤ ਆਦੇਸ਼ ਕੱਢ ਦਿੱਤੇ ਗਏ ਹਨ।
ਜਿਲਾ ਪੱਧਰ ਤੋਂ ਸਟੇਟ ਪੱਧਰ ਦੀ ਤਰੱਕੀ ਕਾਰਨ ਸਿੱਖਿਆ ਵਿਭਾਗ ਨੂੰ ਕਰਨਾ ਪੈਂਦਾ ਹੈ ਇਤਰਾਜਾਂ ਦਾ ਸਾਹਮਣਾ
ਸਿਖਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਈਟੀਟੀ ,ਜੇਬੀਟੀ ਜਿਲਾ ਪੱਧਰ ਦੇ ਕਾਡਰ ਹੁੰਦੇ ਹਨ ਅਤੇ ਇਹਨਾਂ ਨੂੰ ਨਿਯੁਕਤੀ ਪੱਤਰ ਵੀ ਜ਼ਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਜਾਂਦੇ ਹਨ। ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਤੱਕ ਦੀਆਂ ਪਦਉਨਤੀਆਂ ਤੱਕ ਤਾਂ ਇਹ ਕਾਡਰ ਜਿਲਾ ਪੱਧਰ ਦੇ ਹੀ ਰਹਿੰਦੇ ਹਨ ਪਰ ਜਦੋਂ ਜੇਬੀਟੀ ਈਟੀਟੀ ਦੀਆਂ ਮਾਸਟਰ ਕਾਡਰ ਅਤੇ ਬੀਪੀਓ ਦੇ ਅਹੁਦੇ ਤੇ ਪਦਉਨਤੀਆਂ ਕੀਤੀਆਂ ਜਾਂਦੀਆਂ ਹਨ ਤਾਂ ਇਹ ਇੱਕ ਸਟੇਟ ਲੈਵਲ ਦਾ ਕਾਡਰ ਬਣ ਜਾਂਦਾ ਹੈ।
ਇਹ ਤਰੱਕੀਆਂ ਅਹੁਦੇ ਤੇ ਜੋਇਨਿੰਗ ਦੀ ਤਰੀਕ ਦੇ ਹਿਸਾਬ ਨਾਲ ਕੀਤੀਆਂ ਜਾਂਦੀਆਂ ਹਨ।ਮਾਸਟਰ ਕਾਡਰ ਵਿੱਚ ਪਦੋਨਤੀਆਂ ਹੋਣ ਸਮੇਂ ਜੇਬੀਟੀ ਈਟੀਟੀ ਅਧਿਆਪਕਾਂ ਦੀਆਂ ਸੀਨੀਅਰਤਾ ਸੂਚੀਆਂ ਅਤੇ ਵੇਰਵੇ ਜਿਲਾ ਪੱਧਰ ਤੇ ਹੀ ਬਣਾ ਕੇ ਸੂਬੇ ਦੇ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਨੂੰ ਭੇਜੇ ਜਾਂਦੇ ਹਨ। ਪੂਰੇ ਸੂਬੇ ਵਿੱਚੋਂ ਵੱਖ-ਵੱਖ ਜ਼ਿਲਿਆਂ ਦੇ ਵੇਰਵਿਆ ਤੇ ਸੀਨੀਅਰਤਾ ਸੂਚੀਆਂ ਵੱਖ ਵੱਖ ਹੋਣ ਅਤੇ ਵੱਖ-ਵੱਖ ਸਮੇਂ ਤੇ ਭੇਜੇ ਜਾਣ ਕਾਰਨ ਕਈ ਵਾਰ ਵਿਭਾਗ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ ਅਤੇ ਘੱਟ ਮੈਰਿਟ ਵਾਲੇ ਕਰਮਚਾਰੀਆਂ ਨੂੰ ਤਰੱਕੀਆਂ ਦੇ ਦਿੱਤੀਆਂ ਜਾਂਦੀਆਂ ਹਨ ਜਦਕਿ ਵੱਧ ਮੈਰਿਟ ਵਾਲੇ ਕਰਮਚਾਰੀ ਰਹਿ ਜਾਂਦੇ ਹਨ।
ਜਿਸ ਕਾਰਨ ਵਿਭਾਗ ਨੂੰ ਬੇਲੋੜੀਆਂ ਯਾਚਿਕਾਵਾਂ ਅਤੇ ਇਤਰਾਜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਨਾਂ ਦੀ ਵਿਭਾਗ ਵੱਲੋਂ ਹੁਣ ਸਮੀਖਿਆ ਕਰਕੇ ਸਾਲ 2015 ਅਤੇ ਉਸ ਤੋਂ ਬਾਅਦ ਦੇ ਜੇਬੀਟੀ ਈਟੀਟੀ ਤੋਂ ਮਾਸਟਰ ਕਾਡਰ ਦੀਆ ਕੀਤੀਆਂ ਗਈਆਂ ਤਰੱਕੀਆਂ ਦੇ ਪੈਰਾਮੀਟਰ ਤੈਅ ਕਰਨ ਅਤੇ ਸੀਨੀਅਰਤਾਵਾਂ ਸੋਦਨ ਅਤੇ ਰਿਵਿਊ ਕਰਨ ਦਾ ਫੈਸਲਾ ਕੀਤਾ ਗਿਆ ਹੈ।
1991 ਤੋ ਬਾਦ ਦੀਆਂ ਭਰਤੀਆਂ ਦਾਰ ਰਜਿਸਟਰ ਤਿਆਰ ਕਰਨ ਲਈ ਕਮੇਟੀਆਂ ਬਣਾਉਣ ਦੀ ਹਿਦਾਇਤ
ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦਫਤਰ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਕੱਢ ਕੇ 1991 ਅਤੇ ਉਸ ਤੋਂ ਬਾਅਦ ਦੀਆਂ ਭਰਤੀਆਂ ਦਾ ਰਜਿਸਟਰ ਤਿਆਰ ਕਰਨ ਲਈ ਹੁਕਮ ਦਿੱਤੇ ਗਏ ਹਨ ਅਤੇ ਇਹ ਰਜਿਸਟਰ ਤਿਆਰ ਕਰਨ ਲਈ ਉਪ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੀ ਨਿਗਰਾਨੀ ਹੇਠ ਵੱਖ-ਵੱਖ ਕਰਮਚਾਰੀਆਂ ਦੀ ਕਮੇਟੀ ਬਣਾਉਣ ਦੀ ਹਿਦਾਇਤ ਵੀ ਦਿੱਤੀ ਗਈ ਹੈ ਜਿਸ ਵਿੱਚ ਜਿਲ੍ਹੇ ਦੇ ਸਭ ਤੋਂ ਸੀਨੀਅਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਓ), ਦਫਤਰ ਦੇ ਐਸ ਓ/ਐਲ ਏ, ਸੀਨੀਅਰ ਸੈਂਟਰ ਹੈਡ ਟੀਚਰ, ਭਰਤੀਆਂ ਦੇ ਡੀਲਿੰਗ ਸਹਾਇਕ ਅਤੇ ਸਟੈਨੋ ਟਾਈਪਿਸਟ ਨੂੰ ਸ਼ਾਮਿਲ ਕਰਨ ਦੀ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਸੇ ਅਧਿਕਾਰੀ ਕਰਮਚਾਰੀ ਦੇ ਅਣਹੋਂਦ ਜਾਂ ਅਸਮਰਥ ਹੋਣ ਦੀ ਸੂਰਤ ਵਿੱਚ ਕਿਸੇ ਹੋਰ ਯੋਗ ਉਮੀਦਵਾਰ ਦੀ ਡਿਊਟੀ ਲਗਾ ਕੇ ਜਿਲਾ ਸਿੱਖਿਆ ਅਧਿਕਾਰੀਆਂ ਨੂੰ ਕਮੇਟੀ ਦੀ ਲਿਖਤੀ ਸੂਚਨਾ ਦਫਤਰ ਨੂੰ ਭੇਜਣ ਦੀ ਹਿਦਾਇਤ ਵੀ ਦਿੱਤੀ ਗਈ ਹੈ।
ਜਿਲਾ ਸਿੱਖਿਆ ਅਧਿਕਾਰੀਆਂ ਨੂੰ ਕਿਹੜਾ ਕਿਹੜਾ ਰਿਕਾਰਡ ਕਰਨਾ ਪਵੇਗਾ ਤਿਆਰ
ਜਿਲਾ ਸਿੱਖਿਆ ਅਧਿਕਾਰੀਆਂ ਵਲੋਂ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਹਿਦਾਇਤ ਤੇ ਬਣਾਈਆਂ ਗਈਆਂ ਇਹ ਕਮੇਟੀਆਂ ਆਪਣੇ ਆਪਣੇ ਜਿਲੇ ਵਿੱਚ ਦੋ ਪੜਾਵਾਂ ਵਿੱਚ 1991 ਤੋਂ 2023 ਦੇ ਦਰਮਿਆਨ ਭਰਤੀ ਹੋਏ ਤਮਾਮ ਅਧਿਆਪਕਾਂ ਦੇ ਵੇਰਵਿਆਂ ਦਾ ਰਿਕਾਰਡ ਤਿਆਰ ਕਰਣਗੀਆਂ। ਪਹਿਲੇ ਪੜਾਅ ਵਿੱਚ 1991 ਤੋਂ ਲੈ ਕੇ 2005 ਤੱਕ ਦੀਆਂ ਅਧਿਆਪਕ ਭਰਤੀਆਂ ਦੇ ਪੂਰੇ ਪੂਰੇ ਵੇਰਵੇ ਦਾ ਰਜਿਸਟਰ ਤਿਆਰ ਕਰਕੇ 3 ਨਵੰਬਰ ਤੱਕ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੂੰ ਜਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਭੇਜਣਾ ਹੋਵੇਗਾ ਜਦਕਿ ਦੂਜੇ ਪੜਾਅ ਵਿੱਚ 2006 ਤੋਂ ਹੁਣ ਤੱਕ ਦੀਆਂ ਭਰਤੀਆਂ ਦਾ ਵੇਰਵਾ ਭੇਜਣਾ ਪਵੇਗਾ ਜਿਸ ਦੀ ਆਖਰੀ ਤਰੀਕ 22 ਨਵੰਬਰ ਰੱਖੀ ਗਈ ਹੈ। ਇਸ ਤੋਂ ਇਲਾਵਾ 3 ਨਵੰਬਰ ਤੱਕ ਸੂਬੇ ਦੇ ਤਮਾਮ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਉਹਨਾਂ ਵੱਲੋਂ ਤਰੱਕੀਆਂ ਲਈ ਜਾਰੀ ਕੀਤੀਆਂ ਗਈਆਂ ਸੀਨੀਅਰਤਾ ਸੂਚੀਆਂ ਦੀਆਂ ਤਸਦੀਕੀ ਕਾਪੀਆਂ ਵੀ ਭੇਜਣ ਦੇ ਹੁਕਮ ਦਿੱਤੇ ਗਏ ਹਨ।