Site icon TheUnmute.com

ਸਿੱਖਿਆ ਵਿਭਾਗ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਸਲਾਨਾ ਪ੍ਰੀਖਿਆਵਾਂ ਸੰਬੰਧੀ ਮਿਤੀਆਂ ਦਾ ਐਲਾਨ

Education Department

ਚੰਡੀਗੜ੍ਹ 02 ਦਸੰਬਰ 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫ਼ਰਵਰੀ/ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪੰਜਵੀਂ, ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ।ਕੰਟਰੋਲਰ ਪ੍ਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਮੀਡੀਆ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਫ਼ਰਵਰੀ/ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਸਲਾਨਾਂ ਪ੍ਰੀਖਿਆਵਾਂ ਵਿੱਚ ਪੰਜਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 16 ਫ਼ਰਵਰੀ 2023 ਤੋਂ 24 ਫ਼ਰਵਰੀ 2023 ਤੱਕ, ਅੱਠਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 20 ਫ਼ਰਵਰੀ 2023 ਤੋਂ 6 ਮਾਰਚ 2023 ਤੱਕ, ਦਸਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 21 ਮਾਰਚ 2023 ਤੋਂ 18 ਅਪਰੈਲ 2023 ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 20 ਫ਼ਰਵਰੀ 2023 ਤੋਂ 13 ਅਪਰੈਲ 2023 ਤੱਕ ਕਰਵਾਈਆਂ ਜਾਣਗੀਆਂ।

ਮਹਿਰੋਕ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਲਿਖਤੀ ਪਰੀਖਿਆਵਾਂ ਉਪਰੰਤ ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੀਆਂ ਪ੍ਰਯੋਗੀ ਪਰੀਖਿਆਵਾ ਕਰਵਾਈਆਂ ਜਾਣਗੀਆਂ। ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਐੱਨ.ਐੱਸ.ਕਿਊ.ਐੱਫ ਵਿਸ਼ਿਆਂ ਦੀਆਂ, ਬਾਰ੍ਹਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੇ ਪ੍ਰਯੋਗੀ ਵਿਸ਼ਿਆਂ ਅਤੇ ਦਸਵੀਂ ਸ਼੍ਰੇਣੀ ਦੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦੀਆਂ ਪ੍ਰਯੋਗੀ ਪਰੀਖਿਆਵਾਂ ਮਿਤੀ 23 ਜਨਵਰੀ ਤੋਂ ਪਹਿਲੀ ਫ਼ਰਵਰੀ ਤੱਕ ਕਰਵਾਈਆਂ ਜਾਣਗੀਆਂ। ਇਹ ਪਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ।

ਪੰਜਵੀਂ, ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਸਬੰਧੀ ਡੇਟ-ਸ਼ੀਟ ਅਤੇ ਸੰਪੂਰਨ ਜਾਣਕਾਰੀ ਬਾਅਦ ਵਿੱਚ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬਧ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫ਼ਤਰੀ ਕੰਮ-ਕਾਜ ਵਾਲੇ ਦਿਨਾਂ ਵਿੱਚ ਟੈਲੀਫ਼ੋਨ ਨੰਬਰ 0172-5227333, 5227334 ‘ਤੇ ਅਤੇ ਈ-ਮੇਲ ਆਈ.ਡੀ. conductpseb@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ |

Exit mobile version