ਫਿਰੋਜ਼ਪੁਰ 25 ਅਗਸਤ 2022: ਫਿਰੋਜ਼ਪੁਰ (Ferozepur) ਕੇਂਦਰੀ ਜੇਲ੍ਹ ਵਿੱਚ STF ਦੇ AIG ਸੰਦੀਪ ਸ਼ਰਮਾ ਵੱਲੋਂ ਇੱਕ ਅਹਿਮ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ STF ਨੇ ਇੱਕ ਜੇਲ੍ਹ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਏਆਈਜੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਡਾਕਟਰ ਸ਼ਸੀ ਭੂਸ਼ਣ ਜੇਲ੍ਹ ਵਿੱਚ ਤੈਨਾਤ ਸੀ, ਡਾਕਟਰ ਸ਼ਸੀ ਭੂਸ਼ਣ ਕੈਦੀਆਂ ਦੇ ਇਲਾਜ ਦੇ ਨਾਲ ਨਾਲ ਕੈਦੀਆਂ ਨੂੰ ਨਸ਼ਾ ਸਪਲਾਈ ਵੀ ਕਰਦਾ ਸੀ |
ਜਦੋਂ ਡਾਕਟਰ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਕੋਲੋਂ 8 ਗ੍ਰਾਮ ਹੈਰੋਇਨ,14 ਲਾਇਟਰ,ਵਰਤਿਆ ਹੋਇਆ ਸਿਲਵਰ ਅਤੇ ਕੁੱਝ ਸੜੇ ਹੋਏ ਨੋਟ ਵੀ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਪੁਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਡਾਕਟਰ ਸ਼ਸੀ ਭੂਸ਼ਣ ਖ਼ੁਦ ਵੀ ਨਸ਼ੇ ਕਰਨ ਦਾ ਆਦੀ ਸੀ। ਜਿਸ ਵੱਲੋਂ ਜੇਲ੍ਹ ਦੇ ਅੰਦਰ ਅਰਸ਼ਦੀਪ ਉਰਫ ਅਰਸ਼ੀ, ਗੈਂਗਸਟਰ ਸੰਨੀ ਪ੍ਰਭਾਕਰ ਅਤੇ ਮਾਮਾ ਨਾਮ ਦੇ ਬੰਦੀਆਂ ਰਾਹੀਂ ਜੇਲ੍ਹ ਦੇ ਅੰਦਰ ਬੰਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ।
ਇਸ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ (Ferozepur) ਵਿੱਚ ਬੰਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਬਹੁਤ ਵੱਡਾ ਰੈਕੇਟ ਚਲਾਇਆ ਜਾ ਰਿਹਾ ਸੀ ਜਿਸਨੂੰ ਕੱਲ੍ਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਸਖਤੀ ਨਾਲ ਪੁਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।